ਬਰੇਲੀ (ਉੱਤਰ ਪ੍ਰਦੇਸ਼): ਕੋਰੋਨਾ ਨਾਲ ਜੰਗ ਵਿੱਚ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਫੇਲ੍ਹ ਨਜ਼ਰ ਆ ਰਹੀਆਂ ਹਨ। ਹਾਲਾਤ ਇਹ ਹਨ ਕਿ ਕੇਂਦਰੀ ਮੰਤਰੀ ਨੂੰ ਵੀ ਆਪਣੀ ਹੀ ਪਾਰਟੀ ਦੀ ਯੂਪੀ ਸਰਕਾਰ ਦੀ ਪੋਲ ਖੋਲ੍ਹਣੀ ਪਈ ਹੈ। ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਸਿਹਤ ਮਹਿਮਕੇ ਦੇ ਅਫ਼ਸਰ ਫ਼ੋਨ ਹੀ ਨਹੀਂ ਚੁੱਕਦੇ।
ਦਰਅਸਲ ਬਰੇਲੀ ਜ਼ਿਲ੍ਹੇ ਦੇ ਅਫ਼ਸਰ ਕੋਵਿਡ ਨੂੰ ਲੈ ਕੇ ਇੰਤਜ਼ਾਮ ਬਿਹਤਰ ਦੱਸ ਰਹੇ ਹਨ ਪਰ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਇਸ ਦੀ ਪੋਲ ਖੋਲ੍ਹ ਦਿੱਤੀ ਹੈ। ਆਪਣੀ ਚਿੱਠੀ ਵਿੱਚ ਕੇਂਦਰੀ ਮੰਤਰੀ ਨੇ ਸਪੱਸ਼ਟ ਲਿਖਿਆ ਹੈ ਕਿ ਸਿਹਤ ਵਿਭਾਗ ਦੇ ਕੁਝ ਅਹਿਮ ਅਧਿਕਾਰੀ ਫ਼ੋਨ ਤੱਕ ਨਹੀਂ ਚੁੱਕਦੇ ਤੇ ਰੈਫ਼ਰਲ ਦੇ ਨਾਂ ਉੱਤੇ ਮਰੀਜ਼ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਤੱਕ ਭਟਕਦੇ ਰਹਿੰਦੇ ਹਨ।
ਕੇਂਦਰੀ ਮੰਤਰੀ ਨੇ ਆਪਣੀ ਚਿੱਠੀ ’ਚ ਕਿਹਾ ਹੈ ਕਿ ਮੱਧ ਪ੍ਰਦੇਸ਼ ’ਚ MSME ਅਧੀਨ ਆਕਸੀਜਨ ਪਲਾਂਟ ਲਾਉਣ ਲਈ ਹਸਪਤਾਲਾਂ ਨੂੰ ਸਰਕਾਰ ਵੱਲੋਂ 50% ਛੋਟ ਦਿੱਤੀ ਜਾਂਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਬਰੇਲੀ ਵਿੱਚ ਵੀ ਕੁਝ ਨਿੱਜੀ ਤੇ ਸਰਕਾਰੀ ਹਸਪਤਾਲਾਂ ਨੂੰ ਇਸ ਛੋਟ ਨਾਲ ਛੇਤੀ ਤੋਂ ਛੇਤੀ ਆਕਸੀਜਨ ਪਲਾਂਟ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਆਕਸੀਜਨ ਦੀ ਘਾਟ ਦੂਰ ਹੋ ਸਕੇ।
ਕੇਂਦਰੀ ਮੰਤਰੀ ਨੇ ਇਸ ਤੱਥ ਤੋਂ ਵੀ ਜਾਣੂ ਕਰਵਾਇਆ ਕਿ ਹਸਪਤਾਲਾਂ ’ਚ ਉਪਯੋਗ ਹੋਣ ਵਾਲੇ ਮਲਟੀ ਪੈਰਾ ਮੌਨੀਟਰ, ਬਾਇਓਪੈੱਕ ਮਸ਼ੀਨ, ਵੈਂਟੀਲੇਟਰ ਸਮੇਤ ਹੋਰ ਜ਼ਰੂਰੀ ਉਪਕਰਣਾਂ ਦੀ ਕਾਲਾ ਬਾਜ਼ਾਰੀ ਕਰ ਕੇ ਉਨ੍ਹਾਂ ਨੂੰ ਡੇਢ ਗੁਣਾ ਕੀਮਤ ਉੱਤੇ ਵੇਚਿਆ ਜਾ ਰਿਹਾ ਹੈ। ਇਸੇ ਲਈ ਇਨ੍ਹਾਂ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਜਾਣ ਤੇ ਐਮਐਸਐਮਈ ਨਾਲ ਰਜਿਸਟਰਡ ਨਿਜੀ ਹਸਪਤਾਲਾਂ ਨੂੰ ਛੋਟ ਦਿਵਾਈ ਜਾਵੇ।
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਰੈਫ਼ਰ ਹੋਣ ਤੋਂ ਬਾਅਦ ਇੱਕ ਹਸਪਤਾਲ ’ਚ ਬੈੱਡ ਨਾ ਮਿਲਣ ’ਤੇ ਮਰੀਜ਼ ਜਦੋਂ ਦੂਜੇ ਹਸਪਤਾਲ ਜਾਂਦਾ ਹੈ, ਤਾਂ ਕਿਹਾ ਜਾਂਦਾ ਹੈ ਕਿ ਜ਼ਿਲ੍ਹਾ ਹਸਪਤਾਲ ਤੋਂ ਦੋਬਾਰਾ ਰੈਫ਼ਰ ਕਰਵਾ ਕੇ ਲਿਆਓ। ਇੱਧਰ-ਉੱਧਰ ਭਟਕਣ ਦੌਰਾਨ ਹੀ ਮਰੀਜ਼ ਦੀ ਆਕਸੀਜਨ ਲਗਾਤਾਰ ਘੱਟ ਹੁੰਦੀ ਰਹਿੰਦੀ ਹੈ। ਇਸ ਲਈ ਮਰੀਜ਼ ਨੂੰ ਜਦੋਂ ਪਹਿਲੀ ਵਾਰ ਰੈਫ਼ਰ ਕੀਤਾ ਜਾਵੇ, ਤਦ ਉਸ ਦੇ ਪਰਚੇ ਉੱਤੇ ਸਾਰੇ ਰੈਫ਼ਰਲ ਸਰਕਾਰੀ ਹਸਪਤਾਲਾਂ ਨੂੰ ਭਜੇ ਜਾਣ, ਤਾਂ ਜੋ ਮਰੀਜ਼ ਨੂੰ ਭਟਕਣਾ ਨਾ ਪਵੇ।
ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ਕਰਦਿਆਂ ਕੇਂਦਰੀ ਮੰਤਰੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਜ਼ਿੰਮੇਵਾਰ ਹੋਣ ਦੇ ਬਾਵਜੂਦ ਉਹ ਲੋਕ ਫ਼ੋਨ ਨਹੀਂ ਚੁੱਕਦੇ, ਜਿਸ ਨਾਲ ਮਰੀਜ਼ਾਂ ਨੂੰ ਅਸੁਵਿਧਾ ਹੋ ਰਹੀ ਹੈ। ਬੇਵਜ੍ਹਾ ਘਰਾਂ ’ਚ ਆਕਸੀਜਨ ਸਿਲੰਡਰ ਲੁਕਾ ਕੇ ਬੈਠੇ ਤੇ ਕਾਲਾ ਬਾਜ਼ਾਰੀ ਕਰ ਰਹੇ ਲੋਕਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਬਰੇਲੀ ’ਚ ਕੋਵਿਡ ਦੇ ਮਰੀਜ਼ਾਂ ਨੂੰ ਸਾਰੇ ਪ੍ਰਾਈਵੇਟ ਹਸਪਤਾਲਾਂ ’ਚ ਭਰਤੀ ਕਰਵਾਉਣ ਦੀ ਸੁਵਿਧਾ ਉਪਲਬਧ ਕਰਵਾਉਣ ਲਈ ਵੀ ਲਿਖਿਆ ਹੈ। ਨਾਲ ਹੀ ਸੁਝਾਅ ਦਿੱਤਾ ਹੈ ਕਿ ਆਯੁਸ਼ਮਾਨ ਭਾਰਤ ਨਾਲ ਜੁੜੇ ਸਾਰੇ ਹਸਪਤਾਲਾਂ ’ਚ ਵੈਕਸੀਨ ਦੀ ਸੁਵਿਧਾ ਉਪਲਬਧ ਕਰਵਾਈ ਜਾਵੇ।