ਹਾਪੁੜ: ਦਿੱਲੀ ਤੋਂ ਸਿਰਫ 55 ਕਿਲੋਮੀਟਰ ਦੀ ਦੂਰੀ 'ਤੇ ਜ਼ਿਲ੍ਹਾ ਹਾਪੁੜ ਵਿੱਚ ਬਿਜਲੀ ਮਹਿਕਮੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਹਾਪੁੜ ਬਿਜਲੀ ਵਿਭਾਗ ਨੇ ਘਰੇਲੂ 2 ਕਿਲੋਵਾਟ ਕੁਨੈਕਸ਼ਨ ਦਾ ਬਿੱਲ ਇੱਕ ਅਰਬ 28 ਕਰੋੜ 45 ਲੱਖ 95 ਹਜ਼ਾਰ 444 ਰੁਪਏ ਭੇਜਿਆ ਹੈ। ਬਿਜਲੀ ਵਿਭਾਗ ਦੇ ਇਸ ਕਾਰਨਾਮੇ ਦੇ ਬਾਅਦ, ਖਪਤਕਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟ ਰਿਹਾ ਹੈ। ਹਾਲਾਂਕਿ ਅਧਿਕਾਰੀ ਇਸ ਨੂੰ ਤਕਨੀਕੀ ਕਮੀ ਦੱਸ ਰਹੇ ਹਨ।


ਖਪਤਕਾਰ ਸ਼ਮੀਮ ਦਾ ਕਹਿਣਾ ਹੈ ਕਿ ਉਸ ਦੇ ਘਰ ਦਾ ਬਿੱਲ ਮੁਸ਼ਕਲ ਨਾਲ ਸਿਰਫ 700 ਜਾਂ 800 ਰੁਪਏ ਹੀ ਆਉਂਦਾ ਸੀ, ਪਰ ਹੁਣ ਇੰਨਾ ਜ਼ਿਆਦਾ ਬਿੱਲ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਥਿੜਕ ਗਈ। ਉਸ ਨੇ ਕਿਹਾ ਕਿ ਜਦੋਂ ਉਨ੍ਹਾਂ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਇਹ ਕਿਹਾ ਗਿਆ ਕਿ ਜਦੋਂ ਤਕ ਉਹ ਇਹ ਬਿੱਲ ਜਮ੍ਹਾ ਨਹੀਂ ਕਰਾਉਂਦੇ, ਉਨ੍ਹਾਂ ਨੂੰ ਬਿਜਲੀ ਦਾ ਕੁਨੈਕਸ਼ਨ ਨਹੀਂ ਦਿੱਤਾ ਜਾਵੇਗਾ।


ਦੱਸ ਦੇਈਏ ਮੁਹੱਲਾ ਚਮਰੀ ਦਾ ਵਸਨੀਕ ਸ਼ਮੀਮ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਤੇ ਉਸ ਦੇ ਘਰ ਸਿਰਫ 2 ਕਿਲੋਵਾਟ ਦਾ ਕੁਨੈਕਸ਼ਨ ਹੈ। ਉਹ ਕਈ ਦਿਨਾਂ ਤੋਂ ਬਿੱਲ ਠੀਕ ਕਰਾਉਣ ਲਈ ਚੱਕਰ ਕੱਟ ਰਿਹਾ ਹੈ ਪਰ ਹਾਲੇ ਤਕ ਉਸ ਦੀ ਕਿਸੇ ਨੇ ਨਹੀਂ ਸੁਣੀ। ਇਸ ਬਾਰੇ ਊਰਜਾ ਵਿਭਾਗ ਦੇ ਸਹਾਇਕ ਸਹਾਇਕ ਇੰਜੀਨੀਅਰ ਮਾਲੀਆ ਨੇ ਕਿਹਾ ਕਿ ਇਹ ਤਕਨੀਕੀ ਫਾਲਟ ਹੈ। ਖਪਤਕਾਰ ਉਨ੍ਹਾਂ ਨੂੰ ਆ ਕੇ ਮਿਲੇ ਤਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਏਗਾ।