ਲਖਨਊ: ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਖ਼ਿਲਾਫ਼ ਤਖ਼ਤਾ ਪਲਟ ਦੀ ਸਾਜ਼ਿਸ਼ ਕੁਝ ਮਹੀਨੇ ਪਹਿਲਾਂ ਰਾਜਸਥਾਨ ਦੇ ਸਰਿਸਕਾ ਨੇੜੇ ਰਿਜ਼ੋਰਟਸ ਵਿੱਚ ਰਚੀ ਗਈ ਸੀ। ਮੀਡੀਆ ਰਿਪੋਰਟ ਅਨੁਸਾਰ ਇਸ ਥਾਂ ਉੱਤੇ ਮੁੱਖ ਮੰਤਰੀ ਦੇ ਚਾਚਾ ਤੇ ਅੰਕਲ ਅਕਸਰ ਮਿਲਦੇ ਸਨ। ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੂੰ ਕੁਰਸੀ ਤੋਂ ਹਟਾਉਣ ਲਈ ਤੰਤਰ-ਮੰਤਰ ਦਾ ਵੀ ਸਹਾਰਾ ਲਿਆ ਗਿਆ।
ਇਸ ਵਿੱਚ ਤਿੰਨ ਟਰਾਲੀਆਂ ਨਾਰੀਅਲ ਦਾ ਇਸਤੇਮਾਲ ਕੀਤਾ ਗਿਆ। ਮੁਲਾਕਾਤਾਂ ਦੀ ਜਾਣਕਾਰੀ ਮੁੱਖ ਮੰਤਰੀ ਤੱਕ ਪਹੁੰਚੀ ਤਾਂ ਉਨ੍ਹਾਂ ਤੰਤਰ-ਮੰਤਰ ਕਰਨ ਵਾਲੇ ਤਾਂਤਰਿਕ ਨੂੰ ਹੀ ਆਪਣੇ ਕੋਲ ਸੱਦਾ ਲਿਆ। ਤਾਂਤਰਿਕ ਅਨੁਸਾਰ ਕੁਰਸੀ ਤੋਂ ਹਟਾਉਣ ਲਈ ਧਾਰਮਿਕ ਤੰਤਰ-ਮੰਤਰ ਦਾ ਸਹਾਰਾ ਮਿਰਜ਼ਾਪੁਰ ਨੇੜਲੇ ਸਥਾਨ ਉੱਤੇ ਕੀਤਾ ਗਿਆ।
ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦੇ ਚਾਚਾ ਦੇ ਕਰੀਬੀ ਧਰਮ ਗੁਰੂ ਦੇ ਚੇਲੇ ਇਹ ਸਾਰੀ ਖੇਡ ਰਚ ਰਹੇ ਸਨ। ਪਤਾ ਲੱਗਾ ਹੈ ਕਿ ਪਹਿਲਾਂ ਤਾਂ ਮੁੱਖ ਮੰਤਰੀ ਨੂੰ ਇਸ ਉੱਤੇ ਵਿਸ਼ਵਾਸ ਨਹੀਂ ਹੋਇਆ ਪਰ ਬਾਅਦ ਵਿੱਚ ਜਦੋਂ ਉਨ੍ਹਾਂ ਸਾਹਮਣੇ ਤਾਂਤਰਿਕ ਪੇਸ਼ ਕੀਤੇ ਗਏ ਤਾਂ ਸਭ ਕੁਝ ਸੁਣ ਕੇ ਉਨ੍ਹਾਂ ਦੇ ਹੋਸ਼ ਉੱਠ ਗਏ। ਇਸ ਤੋਂ ਬਾਅਦ ਚਾਚਾ ਤੇ ਭਤੀਜੇ ਵਿੱਚ ਤਲਖ਼ੀ ਹੋਰ ਵਧ ਗਈ।