ਸੋਨੀਪਤ: 1996 ਵਿੱਚ ਹੋਏ ਦੋਹਰੇ ਬੰਬ ਧਮਾਕੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਅਬਦੁਲ ਕਰੀਮ ਟੁੰਡਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਟੁੰਡਾ 'ਤੇ ਸੋਨੀਪਤ ਸ਼ਹਿਰ ਵਿੱਚ ਨਵੇਂ ਸਾਲ ਚੜ੍ਹਨ ਤੋਂ ਤਿੰਨ ਦਿਨ ਪਹਿਲਾਂ ਦੋ ਲੜੀਵਾਰ ਬੰਬ ਧਮਾਕੇ ਕਰਨ ਦਾ ਦੋਸ਼ ਹੈ।


ਹਾਲਾਂਕਿ, ਟੁੰਡਾ ਨੇ ਕਿਹਾ ਸੀ ਕਿ ਧਮਾਕੇ ਹੋਣ ਵੇਲੇ ਤਾਂ ਉਹ ਪਾਕਿਸਤਾਨ ਵਿੱਚ ਸੀ। ਅਦਾਲਤ ਨੇ ਮਾਮਲੇ ਸਬੰਧੀ ਕੁੱਲ 46 ਲੋਕਾਂ ਦੀ ਗਵਾਹੀ ਦਰਜ ਕੀਤੀ ਤੇ ਆਪਣਾ ਫੈਸਲਾ ਸੁਣਾਇਆ। ਟੁੰਡਾ ਨੂੰ ਅਗਸਤ 2013 ਵਿੱਚ ਨੇਪਾਲ ਦੀ ਸਰਹੱਦ ਕੋਲੋਂ ਬਰਾਮਦ ਕੀਤਾ ਗਿਆ ਸੀ।

ਦੱਸ ਦੇਈਏ ਕਿ 28 ਦਸੰਬਰ 1996 ਨੂੰ ਸ਼ਾਮ ਦੇ ਸਮੇਂ ਬੱਸ ਸਟੈਂਡ 'ਤੇ 10 ਮਿੰਟ ਬਾਅਦ ਗੀਤਾ ਭਵਨ ਚੌਕ ਨਜ਼ਦੀਕ ਦੋ ਧਮਾਕੇ ਹੋਏ ਸਨ। ਇਸ ਧਮਾਕੇ ਵਿੱਚ ਤਕਰੀਬਨ ਇੱਕ ਦਰਜਨ ਲੋਕ ਜ਼ਖ਼ਮੀ ਹੋਏ ਸਨ।

ਅੱਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਸੁਸ਼ੀਲ ਗਰਗ ਦੀ ਅਦਾਲਤ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਉਕਤ ਮਾਮਲੇ ਵਿੱਚ ਦੋਸ਼ੀ ਪਾਇਆ। ਟੁੰਡਾ ਨੂੰ ਬਾਅਦ ਵਿੱਚ ਸੋਨੀਪਤ ਜੇਲ੍ਹ ਭੇਜ ਦਿੱਤਾ ਗਿਆ। ਉਸ ਵਿਰੁੱਧ ਸਜ਼ਾ ਦਾ ਐਲਾਨ ਭਲਕੇ ਕੀਤਾ ਜਾਵੇਗਾ।