ਮੁੰਬਈ: ਭਾਰਤ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਬੈਂਕਾਂ ਤੋਂ ਕਰੋੜਾਂ ਰੁਪਏ ਕਰਜ਼ ਲੈ ਕੇ ਆਪਣੇ ਸ਼ੌਕ ਪੂਰੇ ਕੀਤੇ ਸਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਮੁਤਾਬਕ ਸ਼ਰਾਬ ਕਾਰੋਬਾਰੀ ਮਾਲਿਆ ਨੇ ਫਾਰਮੂਲਾ ਵਨ ਰੇਸ 'ਚ ਬੈਂਕਾਂ ਤੋਂ ਲਿਆ ਕਰਜ਼ ਦਾ ਪੈਸਾ ਲਾਇਆ ਸੀ। ਹਾਸਲ ਜਾਣਕਾਰੀ ਮੁਤਾਬਕ ਮਾਲਿਆ ਨੇ ਆਈਡੀਬੀਆਈ ਬੈਂਕ ਤੋਂ ਲਏ ਕਰਜ਼ ਦਾ ਹਿੱਸਾ (53.69 ਕਰੋੜ ਰੁਪਏ) ਦੇਸ਼ ਤੋਂ ਬਾਹਰ ਦੋ ਕਿਸ਼ਤਾਂ (42 ਕਰੋੜ ਤੇ 12 ਕਰੋੜ) 'ਚ ਫਾਰਮੂਲਾ ਵਨ ਟੀਮ ਨੂੰ ਫੰਡ ਕਰਨ ਲਈ ਭੇਜ ਦਿੱਤੇ ਸਨ।


ਦੱਸ ਦੇਈਏ ਕਿ ਲੰਦਨ 'ਚ ਮਨੀ ਲੌਂਡ੍ਰਿੰਗ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਮਾਲਿਆ ਨੂੰ ਕੁਝ ਟਾਈਮ 'ਚ ਹੀ ਜ਼ਮਾਨਤ ਮਿਲ ਗਈ ਸੀ। ਇਸ ਤੋਂ ਪਹਿਲਾਂ ਅਪ੍ਰੈਲ 2017 'ਚ ਵੀ ਮਾਲਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਤੁਰੰਤ ਹੀ ਜ਼ਮਾਨਤ ਮਿਲ ਗਈ ਸੀ।

ਈਡੀ ਅਧਿਕਾਰੀਆਂ ਨੇ ਦੱਸਿਆ ਕਿ ਆਈਡੀਬੀਆਈ ਤੋਂ ਮਾਲਿਆ ਨੇ 950 ਕਰੋੜ ਰੁਪਏ ਦਾ ਕਰਜ਼ ਲਿਆ ਸੀ। ਇਸ ਦਾ ਇੱਕ ਹਿੱਸਾ ਅਕਤੂਬਰ 2009 'ਚ ਲੰਦਨ ਟ੍ਰਾਂਸਫਰ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਲੰਦਨ ਟ੍ਰਾਂਸਫਰ ਕੀਤੇ ਗਏ ਪੈਸੇ ਨੂੰ ਮਾਲਿਆ ਨੇ ਆਪਣੀ ਫੋਰਸ ਇੰਡੀਆ ਫਾਰਮੂਲਾ ਵਨ ਟੀਮ 'ਚ ਲਾ ਦਿੱਤਾ ਸੀ।