ਨਵੀਂ ਦਿੱਲੀ: ਪੱਛਮ ਬੰਗਾਲ ਵਿੱਚ ਲੰਮੀ ਕਾਨੂੰਨੀ ਲੜਾਈ ਬਾਅਦ ਅੱਜ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਪਰ ਸਰ੍ਹੇਆਮ ਹੋਈ ਗੁੰਡਾਗਰਦੀ ਨਾਲ ਇਹ ਚੋਣਾਂ ਹਿੰਸਾ ਦੀ ਲਪੇਟ ’ਚ ਆ ਗਈਆਂ। ਹਿੰਸਾ ਦੌਰਾਨ 6 ਜਣਿਆਂ ਦੀ ਮੌਤ ਹੋ ਗਈ। ਅਲੀਪੁਰਦਵਾਰ ’ਚ ਪੰਜ ਪੱਤਰਕਾਰ ਵੀ ਜ਼ਖ਼ਮੀ ਹੋਏ ਹਨ। ਸਵੇਰੇ 11 ਵਜੇ ਤਕ 26 ਫ਼ੀਸਦੀ ਵੋਟਿੰਗ ਹੋਈ। ਚੋਣਾਂ ਦੀ ਨਤੀਜਾ 17 ਮਈ ਨੂੰ ਆਵੇਗਾ।
ਮਮਤਾ ਬੈਨਰਜੀ ਦੇ ਪਾਰਟੀ ਵਰਕਰਾਂ ’ਤੇ ਇਲਜ਼ਾਮ
ਦੱਖਣ 24 ਪਰਗਨਾ ਜ਼ਿਲ੍ਹੇ ਵਿੱਚ ਸੀਪੀਐਮ ਵਰਕਰ ਦੇ ਘਰ ਨੂੰ ਅੱਗ ਲਾ ਦਿੱਤੀ। ਵਰਕਰ ਤੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ। ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਬੀਜੇਪੀ ਵਰਕਰ ’ਤੇ ਚਾਕੂ ਮਾਰ ਕੇ ਹਮਲਾ ਕੀਤਾ ਗਿਆ। ਦੋਵੇਂ ਘਟਨਾਵਾਂ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਦੇ ਵਰਕਰਾਂ ’ਤੇ ਇਲਜ਼ਾਮ ਲੱਗੇ ਹਨ।
ਮੰਤਰੀ ਨੇ ਬੀਜੇਪੀ ਵਰਕਰ ਨੂੰ ਮਾਰੀ ਚਪੇੜ, ਚੋਣਾਂ ਰੱਦ
ਕੂਚ ਬੇਹਾਰ ਵਿੱਚ ਪੱਛਮ ਬੰਗਾਲ ਸਰਕਾਰ ਦੇ ਉੱਤਰ ਬੰਗਾਲ ਵਿਕਾਸ ਮੰਤਰੀ ਰਬਿੰਦਰਨਾਥ ਘੋਸ਼ ਨੇ ਬੀਜੇਪੀ ਵਰਕਰਾਂ ਨੂੰ ਸਭ ਦੇ ਸਾਹਮਣੇ ਚਪੇੜ ਮਾਰ ਦਿੱਤੀ। ਮੁਰਸ਼ਦਾਬਾਦ ਵਿੱਚ ਤਾਂ ਕਈ ਪੋਲਿੰਗ ਬੂਥਾਂ ’ਤੇ ਬੈਲੇਟ ਪੇਪਰਾਂ ਨੂੰ ਤਲਾਬ ਵਿੱਚ ਸੁੱਟ ਦਿੱਤਾ ਗਿਆ ਜਿਸ ਪਿੱਛੋਂ ਉਨ੍ਹਾਂ ਕੇਂਦਰਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ।
ਚੋਣ ਕਮਿਸ਼ਨ ਨੇ ਪੁਲਿਸ ਤੋਂ ਮੰਗੀ ਰਿਪੋਰਟ
ਹਿੰਸਾ ਬਾਰੇ ਇਕ ਚੋਣ ਅਧਿਕਾਰੀ ਨੇ ਕਿਹਾ ਕਿ ਵੋਟਿੰਗ ਸ਼ੂਰੂ ਹੋਣ ਤੋਂ ਤਿੰਨ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਰਾਜ ਚੋਣ ਕਮਿਸ਼ਨ ਨੂੰ ਕਈ ਜ਼ਿਲ੍ਹਿਆਂ ਤੋਂ ਹਿੰਸਾ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ। ਕਮਿਸ਼ਨ ਨੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਉੱਤਰੀ 24 ਪਰਗਨਾ, ਬਰਦਵਾਨ, ਕੂਚ ਬਿਹਾਰ ਅਤੇ ਦੱਖਣੀ 24 ਪਰਗਨਾ ਜ਼ਿਲ੍ਹੇ ਹਿੰਸਾ ਦੀ ਰਿਪੋਰਟ ਮਿਲੀ ਹੈ।
ਅਧਿਕਾਰੀ ਨੇ ਦੱਸਿਆ ਕਿ ਇਸੇ ਜ਼ਿਲ੍ਹੇ ਦੇ ਭਾਨਗੜ੍ਹ ਵਿੱਚ ਝੜਪ ਤੋਂ ਬਾਅਦ ਭੀੜ ਨੂੰ ਖਦੇੜਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਅੱਥਰੂਗੈਸ ਦੇ ਗੋਲ਼ੇ ਛੱਡੇ। ਕਮਿਸ਼ਨ ਨੇ ਘਟਨਾ ਸਬੰਧੀ ਪੁਲਿਸ ਨੂੰ ਰਿਪੋਰਟ ਸੌਂਪਣ ਲਈ ਕਿਹਾ ਹੈ। ਹਿੰਸਕ ਘਟਨਾਵਾਂ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।