ਨਵੀਂ ਦਿੱਲੀ: ਕੁਦਰਤ ਦੇ ਵੱਖ-ਵੱਖ ਰੰਗ ਹਨ। ਕਿਤੇ ਕਹਿਰ ਦੀ ਗਰਮੀ ਪੈ ਰਹੀ ਹੈ ਤੇ ਕਿਤੇ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ। ਅਜਿਹੇ 'ਚ ਕਰਨਾਟਕ ਦੇ ਮੈਂਗਲੋਰ ਇਲਾਕੇ 'ਚ ਭਾਰੀ ਬਾਰਸ਼ ਨਾਲ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪਾਣੀ ਲੋਕਾਂ ਦੇ ਘਰਾਂ 'ਚ ਵੀ ਪਹੁੰਚ ਚੁੱਕਾ ਹੈ। ਸ਼ਹਿਰ ਸਮੁੰਦਰ ਦਾ ਰੂਪ ਧਾਰ ਚੁੱਕਾ ਹੈ। ਲੋਕਾਂ ਨੂੰ ਕਿਸ਼ਤੀਆਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਝਾਰਖੰਡ ਦੇ ਰਾਮਗੜ੍ਹ 'ਚ ਵੀ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਤੇ ਗੜ੍ਹੇਮਾਰੀ ਹੋਈ ਹੈ। ਇੱਥੇ ਅਸਮਾਨੀ ਬਿਜਲੀ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਜਾਣ ਦੀ ਵੀ ਖ਼ਬਰ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ ਮਹੀਨੇ ਤੋਂ ਮੌਸਮ 'ਚ ਹੋ ਰਹੇ ਲਗਾਤਾਰ ਬਦਲਾਅ ਕਾਰਨ ਇਸ ਸਾਲ ਦੱਖਣ ਪੱਛਮ ਮਾਨਸੂਨ ਨੇ ਤੈਅ ਸਮੇਂ ਤੋਂ ਤਿੰਨ ਦਿਨ ਪਹਿਲਾਂ ਕੇਰਲ ਵਿੱਚ ਦਸਤਕ ਦੇ ਦਿੱਤੀ ਹੈ।

ਹਾਲਾਕਿ ਕੇਰਲ ਦੇ ਮੈਦਾਨੀ ਇਲਾਕਿਆਂ 'ਚ ਮਾਨਸੂਨ ਇੱਕ ਜੂਨ ਤੱਕ ਪਹੁੰਚੇਗਾ। ਦੱਖਣੀ ਤੱਟ ਤੋਂ ਪੂਰੇ ਦੇਸ਼ 'ਚ ਮਾਨਸੂਨ ਪਹੁੰਚਣ ਦੀ ਪਹਿਲਾਂ ਤੋਂ ਹੀ ਤੈਅ ਮਿਤੀ ਇੱਕ ਜੂਨ ਹੈ ਤੇ ਇਸ ਨੂੰ ਪੂਰੇ ਦੇਸ਼ 'ਚ ਕਿਰਿਆਸ਼ੀਲ ਹੋਣ 'ਤੇ ਡੇਢ ਮਹੀਨੇ ਦਾ ਸਮਾਂ ਲੱਗਦਾ ਹੈ। ਉਧਰ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਇਸ ਤਹਿਤ ਧੂੜ ਮਿੱਟੀ ਭਰੀ ਹਨ੍ਹੇਰੀ ਦੇ ਨਾਲ- ਨਾਲ ਭਾਰੀ ਝੱਖੜ ਤੂਫਾਨ ਆ ਸਕਦਾ ਹੈ। ਇਸ ਦੇ ਨਾਲ ਨਾਲ ਤੇਜ਼ ਮੀਂਹ ਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ।

ਦੱਸ ਦਈਏ ਕਿ ਮਈ ਮਹੀਨੇ ਯੂਪੀ 'ਚ ਝੱਖੜ ਤੂਫਾਨ ਦੀ ਲਪੇਟ 'ਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਬੀਤੇ ਕੱਲ੍ਹ ਵੀ ਤੂਫਾਨ ਨੇ ਉਨਾਵ, ਕਾਨਪੁਰ ਤੇ ਰਾਏਬਰੇਲੀ 'ਚ ਭਾਰੀ ਤਬਾਹੀ ਮਚਾਈ ਸੀ ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ।

ਹਾਲਾਂਕਿ ਦਿੱਲੀ ਸਮੇਤ ਦੇਸ਼ ਦੇ ਉੱਤਰੀ ਇਲਾਕਿਆਂ 'ਚ ਗਰਮੀ ਦਾ ਕਹਿਰ ਪੂਰੇ ਜੋਬਨ 'ਤੇ ਹੈ। ਕਈ ਥਾਈਂ ਪਾਰਾ 42 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਗਰਮ ਹਵਾਵਾਂ ਤੇ ਲੂ ਦੇ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ।