ਸੀਤ ਲਹਿਰ ਨੇ ਛੇੜਿਆ ਕਾਂਬਾ, ਧੁੰਦ ਨੇ ਪਾਈ ਰਾਤ, ਹੁਣ ਗੜੇ ਪੈਣ ਦੀ ਸੰਭਾਵਾਨਾ
ਮੌਸਮ ਵਿਭਾਗ ਨੇ ਕਿਹਾ ਇਨ੍ਹਾਂ ਪ੍ਰਭਾਵਾਂ ਜੇ ਕਾਰਨ ਚਾਰ-ਛੇ ਜਨਵਰੀ ਦੌਰਾਨ ਪੱਛਮੀ ਹਿਮਾਲਿਆ ਖੇਤਰ 'ਚ ਬਾਰਸ਼ ਜਾਂ ਬਰਫਬਾਰੀ ਦਾ ਅਨੁਮਾਨ ਹੈ।
ਨਵੀਂ ਦਿੱਲੀ: ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਸ਼ੀਤ ਲਹਿਰ ਚੱਲਣ ਨਾਲ ਕਾਂਬਾ ਛਿੜਿਆ ਹੋਇਆ ਹੈ। ਨਵੇਂ ਸਾਲ ਦੇ ਪਹਿਲੇ ਦਿਨ ਸ਼ੁੱਕਰਵਾਰ ਕਈ ਥਾਈਂ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਨੇ ਕਿਹਾ ਕਿ ਸੀਲ ਲਹਿਰ ਦਾ ਸਾਹਮਣਾ ਕਰ ਰਹੇ ਉੱਤਰੀ ਭਾਰਤ ਦੇ ਤਾਪਮਾਨ 'ਚ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੇ ਨਾਲ ਤਿੰਨ ਜਨਵਰੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
ਅਫਗਾਨਿਸਤਾਨ ਤੇ ਇਸ ਦੇ ਆਸਪਾਸ ਪੱਛਮੀ ਗੜਬੜੀ ਕਾਰਨ ਚੱਕਰਵਾਤੀ ਪ੍ਰਵਾਹ ਬਣਿਆ ਹੋਇਆ ਹੈ। ਅਗਲੇ 48 ਘੰਟਿਆਂ ਦੌਰਾਨ ਇਸਦੇ ਮੱਧ ਪਾਕਿਸਤਾਨ ਵੱਲ ਵਧਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਦੇ ਕਾਰਨ ਹਵਾ ਦਾ ਘੱਟ ਦਬਾਅ ਦੱਖਣ ਪੱਛਮੀ ਰਾਜਸਥਾਨ 'ਚ ਬਣਿਆ ਹੋਇਆ ਹੈ।
ਮੌਸਮ ਵਿਭਾਗ ਨੇ ਕਿਹਾ ਇਨ੍ਹਾਂ ਪ੍ਰਭਾਵਾਂ ਜੇ ਕਾਰਨ ਚਾਰ-ਛੇ ਜਨਵਰੀ ਦੌਰਾਨ ਪੱਛਮੀ ਹਿਮਾਲਿਆ ਖੇਤਰ 'ਚ ਬਾਰਸ਼ ਜਾਂ ਬਰਫਬਾਰੀ ਦਾ ਅਨੁਮਾਨ ਹੈ। ਜੰਮੂ ਕਸ਼ਮੀਰ 'ਚ ਭਾਰੀ ਬਾਰਸ਼ ਜਾਂ ਬਰਫਬਾਰੀ ਹੋ ਸਕਦੀ ਹੈ। ਇਸ ਦੌਰਾਨ ਹੀ ਹਿਮਾਲਿਆ ਦੇ ਪੱਛਮੀ ਖੇਤਰ 'ਚ ਕੁਝ ਥਾਵਾਂ 'ਤੇ ਗੜੇ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਅਗਲੇ 24 ਘੰਟਿਆਂ ਦੌਰਾਨ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ। ਦਿੱਲੀ 'ਚ ਸੀਤ ਲਹਿਰ ਦੇ ਪ੍ਰਕੋਪ ਦੇ ਦਰਮਿਆਨ ਤਾਪਮਾਨ 15 ਸਾਲ ਦੇ ਸਭ ਤੋਂ ਘੱਟ 1.1 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ। ਉੱਥੇ ਹੀ ਬੇਹੱਦ ਸੰਘਣੀ ਧੁੰਦ ਕਾਰਨ ਵਿਜ਼ੀਬਿਲਿਟੀ ਜ਼ੀਰੋ ਰਹੀ।