ਬੰਗਾਲ ਤੇ ਅਸਮ ਪਹਿਲੇ ਗੇੜ ਦੀ ਵੋਟਿੰਗ ਲਈ ਤਿਆਰ, 77 ਸੀਟਾਂ 'ਤੇ ਸਖਤ ਸੁਰੱਖਿਆ 'ਚ ਅੱਜ ਪੈਣਗੀਆਂ ਵੋਟਾਂ
ਪੱਛਮੀ ਬੰਗਾਲ 'ਚ ਪਹਿਲੇ ਗੇੜ 'ਚ 30 ਵਿਧਾਨ ਸਭਾ ਸੀਟਾਂ 'ਤੇ ਚੋਣ ਹੋਵੇਗੀ। ਜਿੰਨ੍ਹਾਂ 'ਚੋਂ ਜ਼ਿਆਦਾਤਰ ਸੀਟਾਂ ਇਕ ਸਮੇਂ ਨਕਸਲ ਪ੍ਰਭਾਵਿਤ ਰਹੇ ਜੰਗਲਮਹਿਲ ਇਲਾਕੇ 'ਚ ਆਉਂਦੀਆਂ ਹਨ।
ਕੋਲਕਾਤਾ/ਗੁਹਾਟੀ: ਪੱਛਮੀ ਬੰਗਾਲ ਤੇ ਅਸਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਸ਼ਨੀਵਾਰ ਯਾਨੀ ਕਿ ਅੱਜ ਵੋਟਾਂ ਪੈਣਗੀਆਂ। ਇਸ ਗੇੜ 'ਚ ਕਈ ਪ੍ਰਮੁੱਖ ਅਹੁਦੇਦਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। ਦੋਵਾਂ ਸੂਬਿਆਂ 'ਚ ਪਹਿਲੇ ਗੇੜ 'ਚ ਰਜਿਸਟਰਡ ਵੋਟਰਾਂ ਦੀ ਸੰਖਿਆ 1.54 ਕਰੋੜ ਤੋਂ ਜ਼ਿਆਦਾ ਹੈ।
ਪੱਛਮੀ ਬੰਗਾਲ 'ਚ ਪਹਿਲੇ ਗੇੜ 'ਚ 30 ਵਿਧਾਨ ਸਭਾ ਸੀਟਾਂ 'ਤੇ ਚੋਣ ਹੋਵੇਗੀ। ਜਿੰਨ੍ਹਾਂ 'ਚੋਂ ਜ਼ਿਆਦਾਤਰ ਸੀਟਾਂ ਇਕ ਸਮੇਂ ਨਕਸਲ ਪ੍ਰਭਾਵਿਤ ਰਹੇ ਜੰਗਲਮਹਿਲ ਇਲਾਕੇ 'ਚ ਆਉਂਦੀਆਂ ਹਨ। ਅਜਿਹੇ 'ਚ ਸਭ ਦੀਆਂ ਨਜ਼ਰਾਂ ਇਸ ਖੇਤਰ 'ਚ ਹੋਣ ਵਾਲੇ ਮਤਦਾਨ 'ਤੇ ਟਿਕੀਆਂ ਹਨ। ਪਹਿਲੇ ਗੇੜ 'ਚ ਦੋਵਾਂ ਸੂਬਿਆਂ ਦੀਆਂ 77 ਵਿਧਾਨਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਬੀਜੇਪੀ ਜੰਗਲਮਹਿਲ ਖੇਤਰ ਤੋਂ ਚੰਗੀ ਉਮੀਦ ਲਾਈ ਬੈਠੀ ਹੈ। ਸਾਲ 2019 'ਚ ਹੋਈਆਂ ਆਮ ਚੋਣਾਂ 'ਚ ਇਸ ਖੇਤਰ ਦੀਆਂ ਜ਼ਿਆਦਾਤਰ ਸੀਟਾਂ 'ਤੇ ਬੀਜੇਪੀ ਨੂੰ ਜਿੱਤ ਹਾਸਲ ਹੋਈ ਸੀ।
ਸੁਰੱਖਿਆ ਦੇ ਸਖਤ ਪ੍ਰਬੰਧ
ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ 'ਚ ਵੋਟਾਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਚੋਣ ਕਮਿਸ਼ਨ ਇੱਥੇ ਕੇਂਦਰੀ ਬਲਾਂ ਦੀਆਂ ਕਰੀਬ 684 ਕੰਪਨੀਆਂ ਤਾਇਨਾਤ ਕਰ ਰਿਹਾ ਹੈ। ਜਿੰਨ੍ਹਾਂ ਕੋਲ 10,288 ਵੋਟਰ ਕੇਂਦਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਹੱਤਵਪੂਰਨ ਸਥਾਨਾਂ 'ਤੇ ਸੂਬਿਆਂ ਦੀ ਪੁਲਿਸ ਨੂੰ ਵੀ ਤਾਇਨਾਤ ਕੀਤਾ ਜਾਵੇਗਾ।
ਕੋਵਿਡ-19 ਨਿਯਮਾ ਦਾ ਹੋਵੇਗਾ ਪਾਲਣ
ਪਹਿਲੇ ਗੇੜ 'ਚ ਪੁਰੂਲਿਆ ਦੀਆਂ 9, ਬਾਂਕੁੜਾ ਦੀਆਂ 4, ਝੜਗ੍ਰਾਮ ਦੀ 4, ਪੱਛਮੀ ਮੋਦਿਨੀਪੁਰ ਦੀਆਂ 6 ਸੀਟਾਂ ਤੋਂ ਇਲਾਵਾ ਪੂਰਬੀ ਮੇਦਿਨੀਪੁਰ ਦੀਆਂ ਅਤਿ ਮਹੱਤਵਪੂਰਨ ਸੱਤ ਸੀਟਾਂ 'ਤੇ ਵੋਟਿੰਗ ਹੋਵੇਗੀ। ਜੋ ਬੀਜੇਪੀ ਲੀਡਰ ਸ਼ੁਭੇਂਦੂ ਅਧਿਕਾਰੀ ਦਾ ਗੜ੍ਹ ਮੰਨਿਆ ਜਾਂਦਾ ਹੈ। ਮਤਦਾਨ ਦੌਰਾਨ ਕੋਵਿਡ-19 ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ 30 ਸੀਟਾਂ 'ਚੋਂ ਟੀਐਮਸੀ ਤੇ ਬੀਜੇਪੀ ਨੇ 29-29 ਸੀਟਾਂ 'ਤੇ ਜਦਕਿ ਵਾਮ-ਕਾਂਗਰਸ-ਆਈਐਸਐਫ ਗਠਜੋੜ ਨੇ ਸਾਰੀਆਂ ਸੀਟਾਂ 'ਤੇ ਉਮੀਦਵਾਰ ਉਤਾਰੇ ਹਨ। ਪਹਿਲੇ ਗੇੜ 'ਚ ਪੁਰੂਲਿਆ ਤੇ ਝੜਗ੍ਰਾਮ ਜ਼ਿਲ੍ਹਿਆਂ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਸੰਪੰਨ ਹੋ ਜਾਵੇਗੀ।
ਇਕ ਘੰਟਾ ਵਧਾਇਆ ਗਿਆ ਮਤਦਾਨ ਦਾ ਸਮਾਂ
ਸੂਬੇ 'ਚ ਤਿੰਨ ਗੇੜਾਂ 'ਚ ਮਤਦਾਨ ਹੋਵੇਗਾ। ਪਹਿਲੇ ਗੇੜ 'ਚ 27 ਮਾਰਚ, ਦੂਜੇ ਗੇੜ 'ਚ ਇਕ ਅਪ੍ਰੈਲ ਤੇ ਤੀਜੇ ਗੇੜ 'ਚ 6 ਅਪ੍ਰੈਲ ਨੂੰ ਵੋਟ ਪਾਏ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਮਤਦਾਨ ਸਵੇਰੇ ਸੱਤ ਵਜੇ ਸ਼ੁਰੂ ਹੋਕੇ ਸ਼ਾਮ 6 ਵਜੇ ਸਮਾਪਤ ਹੋਵੇਗਾ। ਕੋਵਿਡ-19 ਨਿਯਮਾਂ ਦਾ ਪਾਲਣ ਯਕੀਨੀ ਬਣਾਉਣ ਲਈ ਮਤਦਾਨ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ।