ਪੱਛਮੀ ਬੰਗਾਲ 'ਚ ਪਹਿਲੇ ਗੇੜ ਦੀਆਂ ਵੋਟਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਵਾਹਨ ਨੂੰ ਲਾਈ ਅੱਗ
ਪਹਿਲੇ ਗੇੜ 'ਚ ਪੁਰੂਲਿਆ ਦੀਆਂ 9, ਬਾਂਕੁੜਾ ਦੀਆਂ 4, ਝੜਗ੍ਰਾਮ ਦੀ 4, ਪੱਛਮੀ ਮੋਦਿਨੀਪੁਰ ਦੀਆਂ 6 ਸੀਟਾਂ ਤੋਂ ਇਲਾਵਾ ਪੂਰਬੀ ਮੇਦਿਨੀਪੁਰ ਦੀਆਂ ਅਤਿ ਮਹੱਤਵਪੂਰਨ ਸੱਤ ਸੀਟਾਂ 'ਤੇ ਵੋਟਿੰਗ ਹੋਵੇਗੀ।
ਪੁਰੂਲਿਆ: ਪੱਛਮੀ ਬੰਗਾਲ 'ਚ ਪਹਿਲੇ ਗੇੜ ਦੇ ਮਤਦਾਨ ਤੋਂ ਕੁਝ ਘੰਟੇ ਪਹਿਲਾਂ ਸ਼ੁੱਕਰਵਾਰ ਰਾਤ ਪੁਰੂਲਿਆ ਜ਼ਿਲ੍ਹੇ ਦੇ ਬੰਦਵਾਨ 'ਚ ਚੋਣ ਡਿਊਟੀ ਲਈ ਕਿਰਾਏ 'ਤੇ ਲਏ ਇਕ ਵਾਹਨ ਨੂੰ ਅੱਗ ਲਾ ਦਿੱਤੀ ਗਈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਵਾਹਨ ਚੋਣ ਅਧਿਕਾਰੀਆਂ ਨੂੰ ਮਤਦਾਨ ਕੇਂਦਰ ਛੱਡਣ ਤੋਂ ਬਾਅਦ ਵਾਪਸ ਜਾ ਰਿਹਾ ਸੀ। ਇਸ ਦੌਰਾਨ ਸੂਬੇ ਦੇ ਨਕਸਲ ਪ੍ਰਭਾਵਿਤ ਜੰਗਮਹਿਲ ਖੇਤਰ ਦੇ ਤੁਲਸਿਡੀ ਪਿੰਡ 'ਚ ਇਸ 'ਚ ਅੱਗ ਲਾ ਦਿੱਤੀ ਗਈ।
ਕੋਈ ਜ਼ਖ਼ਮੀ ਨਹੀਂ ਹੋਇਆ
ਚਸ਼ਮਦੀਦਾਂ ਮੁਤਾਬਕ, ਜੰਗਲਾਂ ਤੋਂ ਅਚਾਨਕ ਬਾਹਰ ਆਏ ਕੁਝ ਲੋਕਾਂ ਨੇ ਵਾਹਨ ਨੂੰ ਰੋਕਿਆ ਤੇ ਕਥਿਤ ਰੂਪ ਤੋਂ ਉਸ 'ਤੇ ਪੈਟਰੋਲੀਅਮ ਪਦਾਰਥ ਛਿੜਕ ਕੇ ਅੱਗ ਲਾ ਦਿੱਤੀ। ਸੂਤਰਾਂ ਨੇ ਦੱਸਿਆ ਕਿ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਅੱਗ ਬਝਾਊ ਕਰਮੀ ਅੱਗ 'ਤੇ ਕਾਬੂ ਪਾਉਂਦੇ, ਵਾਹਨ ਸੜ ਕੇ ਸੁਆਹ ਹੋ ਚੁੱਕਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਰੁਲਿਆ ਜ਼ਿਲ੍ਹੇ ਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ 'ਤੇ ਅੱਜ ਪਹਿਲੇ ਗੇੜ 'ਚ ਵੋਟਾਂ ਪੈ ਰਹੀਆਂ ਹਨ।
ਸੁਰੱਖਿਆ ਦੇ ਸਖਤ ਪ੍ਰਬੰਧ
ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ 'ਚ ਵੋਟਾਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਚੋਣ ਕਮਿਸ਼ਨ ਇੱਥੇ ਕੇਂਦਰੀ ਬਲਾਂ ਦੀਆਂ ਕਰੀਬ 684 ਕੰਪਨੀਆਂ ਤਾਇਨਾਤ ਕਰ ਰਿਹਾ ਹੈ। ਜਿੰਨ੍ਹਾਂ ਕੋਲ 10,288 ਵੋਟਰ ਕੇਂਦਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਹੱਤਵਪੂਰਨ ਸਥਾਨਾਂ 'ਤੇ ਸੂਬਿਆਂ ਦੀ ਪੁਲਿਸ ਨੂੰ ਵੀ ਤਾਇਨਾਤ ਕੀਤਾ ਜਾਵੇਗਾ।
ਕੋਵਿਡ-19 ਨਿਯਮਾ ਦਾ ਹੋਵੇਗਾ ਪਾਲਣ
ਪਹਿਲੇ ਗੇੜ 'ਚ ਪੁਰੂਲਿਆ ਦੀਆਂ 9, ਬਾਂਕੁੜਾ ਦੀਆਂ 4, ਝੜਗ੍ਰਾਮ ਦੀ 4, ਪੱਛਮੀ ਮੋਦਿਨੀਪੁਰ ਦੀਆਂ 6 ਸੀਟਾਂ ਤੋਂ ਇਲਾਵਾ ਪੂਰਬੀ ਮੇਦਿਨੀਪੁਰ ਦੀਆਂ ਅਤਿ ਮਹੱਤਵਪੂਰਨ ਸੱਤ ਸੀਟਾਂ 'ਤੇ ਵੋਟਿੰਗ ਹੋਵੇਗੀ। ਜੋ ਬੀਜੇਪੀ ਲੀਡਰ ਸ਼ੁਭੇਂਦੂ ਅਧਿਕਾਰੀ ਦਾ ਗੜ੍ਹ ਮੰਨਿਆ ਜਾਂਦਾ ਹੈ। ਮਤਦਾਨ ਦੌਰਾਨ ਕੋਵਿਡ-19 ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ 30 ਸੀਟਾਂ 'ਚੋਂ ਟੀਐਮਸੀ ਤੇ ਬੀਜੇਪੀ ਨੇ 29-29 ਸੀਟਾਂ 'ਤੇ ਜਦਕਿ ਵਾਮ-ਕਾਂਗਰਸ-ਆਈਐਸਐਫ ਗਠਜੋੜ ਨੇ ਸਾਰੀਆਂ ਸੀਟਾਂ 'ਤੇ ਉਮੀਦਵਾਰ ਉਤਾਰੇ ਹਨ। ਪਹਿਲੇ ਗੇੜ 'ਚ ਪੁਰੂਲਿਆ ਤੇ ਝੜਗ੍ਰਾਮ ਜ਼ਿਲ੍ਹਿਆਂ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਸੰਪੰਨ ਹੋ ਜਾਵੇਗੀ।
ਇਕ ਘੰਟਾ ਵਧਾਇਆ ਗਿਆ ਮਤਦਾਨ ਦਾ ਸਮਾਂ
ਸੂਬੇ 'ਚ ਤਿੰਨ ਗੇੜਾਂ 'ਚ ਮਤਦਾਨ ਹੋਵੇਗਾ। ਪਹਿਲੇ ਗੇੜ 'ਚ 27 ਮਾਰਚ, ਦੂਜੇ ਗੇੜ 'ਚ ਇਕ ਅਪ੍ਰੈਲ ਤੇ ਤੀਜੇ ਗੇੜ 'ਚ 6 ਅਪ੍ਰੈਲ ਨੂੰ ਵੋਟ ਪਾਏ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਮਤਦਾਨ ਸਵੇਰੇ ਸੱਤ ਵਜੇ ਸ਼ੁਰੂ ਹੋਕੇ ਸ਼ਾਮ 6 ਵਜੇ ਸਮਾਪਤ ਹੋਵੇਗਾ। ਕੋਵਿਡ-19 ਨਿਯਮਾਂ ਦਾ ਪਾਲਣ ਯਕੀਨੀ ਬਣਾਉਣ ਲਈ ਮਤਦਾਨ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ।