ਚੰਡੀਗੜ੍ਹ: ਦਫ਼ਤਰਾਂ ਵਿੱਚ ਮਹਿਲਾਵਾਂ ਨਾਲ ਹੋਣ ਵਾਲੇ ਜਿਣਸੀ ਸੋਸ਼ਣ ਤੋਂ ਉਨ੍ਹਾਂ ਦਾ ਬਚਾਅ ਕਰਨ ਲਈ ‘ਵਿਸ਼ਾਖਾ ਗਾਈਡਲਾਈਨਜ਼’ ਨਾਂ ਹੇਠ ਕੁਝ ਨਿਯਮ ਬਣਾਏ ਗਏ ਹਨ। ਹਾਲਾਂਕਿ ਦੇਸ਼ ਦੇ ਸਾਰੇ ਦਫ਼ਤਰਾਂ ਵਿੱਚ ਇਹ ਨਿਯਮਾਂ ਦਾ ਪਾਲਣ ਨਹੀਂ ਹੁੰਦਾ। ਨਿਯਮਾਂ ਮੁਤਾਬਕ ਕੰਪਨੀ ਜਾਂ ਸੰਸਥਾ ਦੇ ਹੈੱਡਕੁਆਰਟਰ ਜਾਂ ਬਰਾਂਚ ਵਿੱਚ ਜੇ 10 ਜਾਂ ਇਸ ਤੋਂ ਵੱਧ ਮੁਲਾਜ਼ਮ ਹਨ ਤਾਂ ਉੱਥੇ ਅੰਦਰੂਨੀ ਸ਼ਿਕਾਇਤ ਕਮੇਟੀ (ਆਈਸੀਸੀ) ਬਣਾਉਣਾ ਜ਼ਰੂਰੀ ਹੈ। ਅੱਜ ਤੁਹਾਨੂੰ ਵਿਸ਼ਾਖਾ ਗਾਈਡਲਾਈਨਜ਼ ਨਾਲ ਸਬੰਧਤ ਸਾਰੀ ਜਾਣਕਾਰੀ ਦੱਸਾਂਗੇ।
ਕੀ ਹੈ ਵਿਸ਼ਾਖਾ ਗਾਈਡਲਾਈਨਜ਼
ਕਾਨੂੰਨ ਮੁਤਾਬਕ ਕਿਸੇ ਨੂੰ ਗ਼ਲਤ ਤਰੀਕੇ ਨਾਲ ਛੂਹਣਾ ਜਾਂ ਛੂਹਣ ਦੀ ਕੋਸ਼ਿਸ਼ ਕਰਨਾ, ਗ਼ਲਤ ਤਰੀਕੇ ਨਾਲ ਵੇਖਣਾ, ਸਰੀਰਕ ਸਬੰਧ ਬਣਾਉਣ ਲਈ ਕਹਿਣਾ ਜਾਂ ਇਸ ਨਾਲ ਸਬੰਧਤ ਟਿੱਪਣੀ ਕਰਨਾ, ਸੈਕਸੂਅਲ ਇਸ਼ਾਰੇ ਕਰਨਾ, ਮਹਿਲਾਵਾਂ ਨੂੰ ਸੈਕਸੂਅਲ ਚੁਟਕਲੇ ਸੁਣਾਉਣਾ ਜਾਂ ਭੇਜਣਾ ਤੇ ਪੋਰਨ ਫਿਲਮਾਂ ਦਿਖਾਉਣਾ ਜਿਣਸੀ ਸੋਸ਼ਣ ਦੇ ਦਾਇਰੇ ਹੇਠ ਆਉਂਦਾ ਹੈ।
ਵਿਸ਼ਾਖਾ ਗਾਈਡਲਾਈਨਜ਼ ਤੇ 2013 ਦੇ ਕਾਨੂੰਨ ਤਹਿਤ ਇੰਟਰਨਲ ਕੰਪਲੇਂਟਸ ਕਮੇਟੀ (ਆਈਸੀਸੀ) ਦਾ ਗਠਨ ਕਰਨਾ ਜ਼ਰੂਰੀ ਹੈ ਜਿਸ ਦੀ ਪ੍ਰਧਾਨ ਮਹਿਲਾ ਹੋਏਗੀ। ਇਸ ਕਮੇਟੀ ਵਿੱਚ ਜ਼ਿਆਦਾਤਰ ਔਰਤਾਂ ਹੋਣੀਆਂ ਲਾਜ਼ਮੀ ਹਨ। ਜਿਣਸੀ ਸ਼ੋਸ਼ਣ ਦੇ ਮੁੱਦੇ 'ਤੇ ਕੰਮ ਕਰ ਰਹੇ ਕਿਸੇ ਗ਼ੈਰ-ਸਰਕਾਰੀ ਸੰਗਠਨ (ਐਨਜੀਓ) ਦਾ ਵੀ ਇੱਕ ਪ੍ਰਤੀਨਿਧੀ ਕਮੇਟੀ ਵਿੱਚ ਸ਼ਾਮਲ ਹੋਏਗਾ। ਹੁਣ ਦਫ਼ਤਰ ਵਿੱਚ ਕੰਮ ਕਰਦੀ ਕੋਈ ਵੀ ਮਹਿਲਾ ਇਸ ਕਮੇਟੀ ਨੂੰ ਆਪਣੇ ਸੋਸ਼ਣ ਸਬੰਧੀ ਸ਼ਿਕਾਇਤ ਕਰ ਸਕਦੀ ਹੈ।
ਇਹ ਸੰਸਥਾ ਦੀ ਜ਼ਿੰਮੇਵਾਰੀ ਹੈ ਕਿ ਸ਼ਿਕਾਇਤ ਕਰਨ ਵਾਲੀ ਪੀੜਤਾ 'ਤੇ ਕੋਈ ਹਮਲਾ ਜਾਂ ਦਬਾਅ ਨਾ ਹੋਵੇ। ਕਮੇਟੀ ਨੂੰ ਸਾਲ ਦੌਰਾਨ ਕੀਤੀਆਂ ਗਈਆਂ ਸ਼ਿਕਾਇਤਾਂ ਤੇ ਕਾਰਵਾਈ ਬਾਰੇ ਸਰਕਾਰ ਨੂੰ ਰਿਪੋਰਟ ਕਰਨੀ ਹੋਵੇਗੀ। ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਦੇ ਇਲਾਵਾ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾਵੇਗੀ।