ਮੁਜਫਾਰਪੁਰ: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਮਹਿਲਾ ਇੰਜਨੀਅਰ ਨੂੰ ਕੁਰਸੀ ਨਾਲ ਬੰਨ੍ਹ ਕੇ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੌਕੇ ਉੱਤੇ ਮਹਿਲਾ ਦੀ ਚੱਪਲ ਤੇ ਹੱਡੀਆਂ ਬਰਾਮਦ ਕੀਤੀਆਂ ਹਨ। ਮਹਿਲਾ ਦੀ ਮਾਂ ਨੇ ਚੱਪਲ ਤੋਂ ਆਪਣੀ ਬੇਟੀ ਦੀ ਸ਼ਨਾਖ਼ਤ ਕੀਤੀ। ਹਾਲਾਂਕਿ ਪੁਲਿਸ ਨੇ ਮੌਕੇ ਤੋਂ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ ਪਰ ਫਿਰ ਵੀ ਉਹ ਇਸ ਨੂੰ ਹੱਤਿਆ ਦਾ ਮਾਮਲਾ ਮੰਨ ਰਹੀ ਹੈ। ਮ੍ਰਿਤਕ ਦੀ ਮਾਂ ਨੇ ਹੱਤਿਆ ਪਿੱਛੇ ਇੰਜਨੀਅਰ ਵਿਭਾਗ ਦੇ ਕਰਮੀਆਂ ਉੱਤੇ ਹੀ ਸ਼ੱਕ ਪ੍ਰਗਟਾਇਆ ਹੈ।

ਮ੍ਰਿਤਕ ਮਹਿਲਾ ਇੰਜਨੀਅਰ ਦਾ ਨਾਮ ਸਰਿਤਾ ਦੇਵੀ ਸੀ ਤੇ ਉਸ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਮਾਂ ਨੂੰ ਬੱਚਿਆਂ ਦਾ ਖ਼ਿਆਲ ਰੱਖਣ ਲਈ ਆਖਿਆ ਹੈ। ਇਹ ਹੌਲਨਾਕ ਘਟਨਾ ਐਤਵਾਰ ਅਹਿਆਪੁਰ ਥਾਣੇ ਦੇ ਕੋਲਹੂਆ ਬਜਰੰਗ ਵਿਹਾਰ ਕਾਲੋਨੀ ਦੀ ਹੈ। ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਦੇਖਿਆ ਕਿ ਸਰਿਤਾ ਜਿਸ ਕੁਰਸੀ ਉੱਤੇ ਬੈਠੀ ਸੀ, ਉੱਥੇ ਹੀ ਉਸ ਨੂੰ ਅੱਗ ਲਾ ਦਿੱਤੀ ਗਈ।

ਇਲਾਕੇ ਦੇ ਐਸ.ਐਸ.ਪੀ. ਵਿਵੇਕ ਕੁਮਾਰ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਪੂਰਾ ਮਾਮਲਾ ਹੱਤਿਆ ਦਾ ਹੀ ਲੱਗ ਰਿਹਾ ਹੈ। ਪੁਲਿਸ ਅਨੁਸਾਰ ਮਹਿਲਾ ਨੂੰ ਅੱਗ ਲਾਉਣ ਲਈ ਕਿਸੇ ਕੈਮੀਕਲ ਦਾ ਇਸਤੇਮਾਲ ਕੀਤਾ ਗਿਆ ਹੈ। ਪੁਲਿਸ ਮਹਿਲਾ ਦੇ ਮੋਬਾਈਲ ਫ਼ੋਨ ਦੀ ਕਾਲ ਡਿਟੇਲਜ਼ ਦੇ ਆਧਾਰ ਉੱਤੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਪੁਲਿਸ ਅਨੁਸਾਰ ਸਰਿਤਾ ਦੇ ਬੇਟੇ ਹਨ ਤੇ ਉਸ ਦੀ ਆਪਣੇ ਪਤੀ ਨਾਲ ਅਣਬਣ ਸੀ। ਇਸ ਕਾਰਨ ਉਹ ਆਪਣੇ ਬੇਟੇ ਨਾਲ ਵੱਖਰੀ ਰਹਿਣ ਲੱਗ ਪਈ ਸੀ। ਪੁਲਿਸ ਜਿਸ ਮਕਾਨ ਵਿੱਚ ਸਰਿਤਾ ਰਹਿੰਦੀ ਸੀ, ਉਸ ਦੇ ਮਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ।