ਕਸੌਲੀ: ਨਾਜਾਇਜ਼ ਹੋਟਲ ਡੇਗਣ ਗਈ ਟੀਮ 'ਤੇ ਹਟੋਲ ਮਾਲਕ ਨੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਅਸਿਸਟੈਂਟ ਟਾਊਨ ਪਲੈਨਰ ਸ਼ੈਲੀ ਸ਼ਰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਦਾਲਤ ਦੇ ਹੁਕਮਾਂ ਤਹਿਤ ਟੀਮ ਜਦੋਂ ਹੋਟਲ ਡੇਗਣ ਗਈ ਤਾਂ ਨਾਰਾਇਨੀ ਗੈਸਟ ਹਾਊਸ ਦੇ ਮਾਲਕ ਨੇ ਗੋਲੀ ਚਲਾ ਦਿੱਤੀ। ਅਦਾਲਤ ਨੇ 14 ਨਾਜਾਇਜ਼ ਹੋਟਲਾਂ ਨੂੰ ਡੇਗਣ ਦੇ ਆਦੇਸ਼ ਦਿੱਤੇ ਸੀ।

 

ਕੀ ਹੈ ਮਾਮਲਾ-

ਯਾਦ ਰਹੇ ਸੁਪਰੀਮ ਕੋਰਟ ਨੇ ਕਸੌਲੀ 'ਚ 35 ਹੋਟਲਾਂ ਦੇ ਗੈਰ-ਕਾਨੂੰਨੀ ਨਿਰਮਾਣ ਨੂੰ 15 ਦਿਨਾਂ ਅੰਦਰ ਸੁੱਟਣ ਦੇ ਆਦੇਸ਼ ਦਿੱਤੇ ਸੀ। ਅਦਾਲਤ ਦੇ ਹੁਕਮਾਂ ਕਾਰਨ 13 ਹੋਟਲਾਂ ਦੀਆਂ ਮੁਸ਼ਕਲਾਂ ਵਧ ਗਈਆਂ ਸੀ ਕਿਉਂਕਿ ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ 13 ਹੋਟਲਾਂ ਨੂੰ ਗੈਰ-ਕਾਨੂੰਨੀ ਨਿਰਮਾਣ ਕਾਰਨ ਸੁੱਟਣ ਦੇ ਆਦੇਸ਼ ਦਿੱਤੇ ਸੀ। ਇਨ੍ਹਾਂ ਆਦੇਸ਼ਾਂ ਖਿਲਾਫ ਹੋਟਲ ਮਾਲਕਾਂ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਉੱਥੋਂ ਵੀ ਰਾਹਤ ਨਾ ਮਿਲੀ। ਬਾਕੀ 22 ਹੋਟਲਾਂ ਦਾ ਮਾਮਲਾ ਅਜੇ ਵੀ ਗਰੀਨ ਟ੍ਰਿਬਿਊਨਲ 'ਚ ਚੱਲ ਰਿਹਾ ਹੈ।

ਬਿਜਲੀ-ਪਾਣੀ ਕੁਨੈਕਸ਼ਨ ਕੱਟੇ

ਗੈਰ-ਕਾਨੂੰਨ ਨਿਰਮਾਣ ਕਾਰਨ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਟੀਸੀਪੀ ਦੇ ਆਦੇਸ਼ ਤੋਂ ਬਾਅਦ ਬਿਜਲੀ ਬੋਰਡ ਅਤੇ ਆਈਪੀਐਚ. ਵਿਭਾਗ ਨੇ ਇਨ੍ਹਾਂ ਹੋਟਲਾਂ ਦੇ ਬਿਜਲੀ-ਪਾਣੀ ਦੇ ਕਨੈਕਸ਼ਨ ਕੱਟ ਦਿੱਤੇ ਸੀ। ਪਿਛਲੇ ਕਈ ਮਹੀਨਿਆਂ ਤੋਂ ਹੋਟਲਾਂ 'ਚ ਟੈਂਕਰਾਂ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜਦੋਂਕਿ ਬਿਜਲੀ ਲਈ ਹੋਟਲਾਂ 'ਚ ਸੋਲਰ ਪਲਾਂਟ ਲਾਏ ਗਏ ਹਨ, ਜਿਨ੍ਹਾਂ ਨਾਲ ਕੰਮ ਚੱਲ ਰਿਹਾ ਹੈ।

3 ਹਜ਼ਾਰ ਕਰਮਚਾਰੀਆਂ ਦੀ ਨੌਕਰੀ 'ਤੇ ਤਲਵਾਰ

ਅਦਾਲਤ ਦੇ ਆਦੇਸ਼ ਤੋਂ ਬਾਅਦ ਧਰਮਪੁਰ-ਕਸੌਲੀ 'ਚ ਹੋਟਲਾਂ ਦੇ ਨਿਰਮਾਣ ਨੂੰ ਤੋੜਨ ਦੀ ਕਾਰਵਾਈ ਨਾਲ 3 ਹਜ਼ਾਰ ਕਰਮਚਾਰੀਆਂ ਦੀ ਨੌਕਰੀ 'ਤੇ ਵੀ ਸੰਕਟ ਛਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 35 ਹੋਟਲਾਂ 'ਚ ਕਰੀਬ 3 ਹਜ਼ਾਰ ਕਰਮਚਾਰੀ ਤਾਇਨਾਤ ਹਨ।