ਨਵੀਂ ਦਿੱਲੀ: ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਦਾਖ਼ਲਾ ਲੈਣ ਵਾਲੀਆਂ ਦੋ ਔਰਤਾਂ ਵਿੱਚੋਂ ਇੱਕ ਦੀ ਸੱਸ ਵੱਲੋਂ ਉਸ ਨੂੰ ਕੁਟਾਪਾ ਚਾੜ੍ਹਨ ਦੀ ਖ਼ਬਰ ਹੈ। ਕਨਕਦੁਰਗਾ ਨਾਂਅ ਦੀ ਮਹਿਲਾ ਨੂੰ ਸਿਰ ਵਿੱਚ ਸੱਟ ਲੱਗੀ ਹੈ ਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਤਾਜ਼ਾ ਜਾਣਕਾਰੀ ਮੁਤਾਬਕ ਉਸ ਨੇ ਆਪਣੀ ਸੱਸ ਵਿਰੁੱਧ ਸ਼ਿਕਾਇਤ ਦਿੱਤੀ ਤੇ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਹੈ।


ਕਨਕਦੁਰਗਾ ਆਪਣੀ ਉਮਰ ਦੇ ਚੌਥੇ ਦਹਾਕੇ ਵਿੱਚ ਹੈ ਤੇ ਉਹ ਸੁਪਰੀਮ ਕੋਰਟ ਦੇ 10 ਤੋਂ 50 ਸਾਲ ਦੀਆਂ ਔਰਤਾਂ ਨੂੰ ਅੰਦਰ ਜਾਣ ਦੀ ਆਗਿਆ ਸਬੰਧੀ ਹੁਕਮਾਂ ਤਹਿਤ ਭਗਵਾਨ ਅਇਅੱਪਾ ਦੇ ਮੰਦਰ ਵਿੱਚ ਦਾਖ਼ਲ ਹੋਈ ਸੀ। ਮੰਦਰ ਜਾਣ ਮਗਰੋਂ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ ਉਹ ਦੋ ਹਫ਼ਤਿਆਂ ਤੋਂ ਰੂਪੋਸ਼ ਸੀ।

ਜਦ ਮੰਗਲਵਾਰ ਨੂੰ ਉਹ ਆਪਣੇ ਘਰ ਪਹੁੰਚੀ ਤਾਂ ਉਸ 'ਤੇ ਹਮਲਾ ਹੋ ਗਿਆ। ਉਸ ਦੀ ਸੱਸ ਨੇ ਉਸ ਦੇ ਸਿਰ 'ਤੇ ਵਾਰ ਕੀਤਾ। ਖ਼ਬਰਾਂ ਮੁਤਾਬਕ ਮਹਿਲਾ ਦੀ ਹਾਲਤ ਸਥਿਰ ਹੈ। ਕਨਕਦੁਰਗਾ ਤੇ ਉਸ ਦੇ ਨਾਲ ਜਾਣ ਵਾਲੀ ਬਿੰਦੂ ਅੰਮੀਨੀ ਸਬਰੀਮਾਲਾ ਮੰਦਰ ਵਿੱਚ ਜਾ ਕੇ ਇਤਿਹਾਸ ਰਚਣ ਵਾਲੀਆਂ ਪਹਿਲੀਆਂ ਔਰਤਾਂ ਤਾਂ ਬਣ ਗਈਆਂ, ਪਰ ਦੁਰਗਾ ਨੂੰ ਉਸ ਦੇ ਪਰਿਵਾਰ ਤੋਂ ਹੀ ਖ਼ਤਰਾ ਬਣ ਗਿਆ। ਦੋਵੇਂ ਪਿਛਲੇ 13 ਦਿਨਾਂ ਤੋਂ ਕੋਚੀ ਦੀ ਅਣਦੱਸੀ ਥਾਂ 'ਤੇ ਰਹਿ ਰਹੀਆਂ ਸਨ।