ਚੰਡੀਗੜ੍ਹ: ਪੀੜ੍ਹੀਆਂ ਬਦਲਦੀਆਂ ਹਨ, ਪਰ ਯਾਦਾਂ ਆਪਣੀ ਚਮਕ ਬਰਕਰਾਰ ਰੱਖਦੀਆਂ ਹਨ। ਅੱਜ ਦਾ ਦਿਨ ਵੀ ਇੱਕ ਅਜਿਹੀ ਯਾਦ ਹੈ। ਸਮੇਂ ਦੇ ਬਦਲਣ ਦੇ ਨਾਲ-ਨਾਲ ਲੋਕਾਂ ਦੇ ਮਨੋਰੰਜਨ ਦੇ ਰਵੱਈਏ 'ਚ ਵੀ ਤਬਦੀਲੀ ਆਈ ਹੈ। ਪਰ ਜਿਹੜੀ ਚੀਜ਼ ਅੱਜ ਤੱਕ ਨਹੀਂ ਬਦਲੀ ਉਹ ਇਹ ਹੈ ਕਿ ਰੇਡੀਓ ਦੇ ਪ੍ਰਸਾਰਣ ਦੇ ਨਾਲ ਚਿਪਕੇ ਰਹਿਣ ਦੀ ਬੇਕਰਾਰੀ।
ਅੱਜ ਯਾਨੀ 13 ਫਰਵਰੀ ਨੂੰ 'ਵਿਸ਼ਵ ਰੇਡਿਓ ਦਿਵਸ' ਮਨਾਇਆ ਜਾ ਰਿਹਾ ਹੈ। ਜਦੋਂ ਵੀ ਭਾਰਤ 'ਚ ਰੇਡੀਓ ਦੀ ਗੱਲ ਹੁੰਦੀ ਹੈ ਤਾਂ ਆਲ ਇੰਡੀਆ ਰੇਡੀਓ ਦਾ ਨਾਂ ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦਾ ਹੈ। ਸਭ ਨੂੰ ਆਲ ਇੰਡੀਆ ਰੇਡੀਓ ਦੀ ਉਹ ਦਸਤਖ਼ਤ ਧੁਨ ਯਾਦ ਹੈ, ਜਿਸ ਤੋਂ ਬਿਨਾਂ ਸਵੇਰ ਦੀ ਸ਼ੁਰੂਆਤ ਕਦੇ ਨਹੀਂ ਹੁੰਦੀ ਸੀ।
ਜਿੰਨੀ ਖਾਸ ਇਹ ਧੁਨ ਸੀ, ਉਸ ਦੇ ਪਿਛੇ ਦੀ ਕਹਾਣੀ ਵੀ ਹੈ। ਆਖਰ ਇਹ ਧੁਨ ਕਿੱਥੋਂ ਆਈ? ਇਹ ਕਿਸਨੇ ਬਣਾਈ? ਹਿਟਲਰ ਵੱਲੋਂ ਕਿਤੇ ਕਤਲੇਆਮ ਨਾਲ ਇਸ ਦਾ ਕੀ ਸੰਬੰਧ ਸੀ?
ਕਰੋੜਾਂ ਲੋਕ ਇਸ ਧੁਨ ਨੂੰ ਪਛਾਣਦੇ ਹਨ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਧੁਨ ਕਿਸੇ ਭਾਰਤੀ ਨੇ ਨਹੀਂ ਬਣਾਈ ਸੀ। ਇਸ ਦੀ ਕਹਾਣੀ ਦੀ ਸ਼ੁਰੂਆਤ ਜਰਮਨੀ 'ਚ ਹਿਟਲਰ ਵੱਲੋਂ ਯਹੂਦੀਆਂ ਦੇ ਕਤਲੇਆਮ ਨਾਲ ਸ਼ੁਰੂ ਹੋਈ ਸੀ।
ਇੱਕ ਯਹੂਦੀ ਰਫਿਯੁਜੀ ਨੇ ਆਲ ਇੰਡੀਆ ਰੇਡੀਓ ਦੀ ਇਸ ਧੁਨ ਦੀ ਰਚਨਾ ਕੀਤੀ। ਉਸਦਾ ਨਾਂ ਵਾਲਟਰ ਕੌਫਮੈਨ ਸੀ। ਰਾਗ ਸ਼ਿਵਰੰਜਨੀ ਦੇ ਅਸਰ 'ਚ ਤੰਬੂਰੇ ਦੀ ਤਾਲ ਅਤੇ ਵਾਇਲਨ ਦੀ ਗੂੰਜ ਅੱਜ ਵੀ ਬਲੈਕ ਐਂਡ ਵਾਇਟ ਯੁੱਗ ਦੀਆਂ ਯਾਦਾਂ ਨੂੰ ਉਜਾਗਰ ਕਰਦੀ ਹੈ।
ਸਾਲ 1934 'ਚ ਹਿਟਲਰ ਨੇ ਪ੍ਰਾਗ 'ਤੇ ਹਮਲਾ ਕੀਤਾ ਸੀ। ਉਸ ਸਮੇਂ ਵਾਲਟਰ ਕਾਫਮੈਨ 27 ਸਾਲਾ ਦਾ ਸੀ। ਹਿਟਲਰ ਦੇ ਹਮਲੇ ਕਾਰਨ ਕਾਫਮੈਨ ਇੱਕ ਰਫਿਯੁਜੀ ਵਜੋਂ ਭਾਰਤ ਆਇਆ। 1936 ਤੋਂ 1946 ਤੱਕ ਵਾਲਟਰ ਨੇ ਆਲ ਇੰਡੀਆ ਰੇਡੀਓ 'ਚ ਇੱਕ ਸੰਗੀਤਕਾਰ ਵਜੋਂ ਕੰਮ ਕੀਤਾ। ਆਰਕੈਸਟਰਾ ਦੀ ਨਿਰਦੇਸ਼ਕ ਰਹੀ ਮਾਹਲੀ ਮਹਿਤਾ ਦੇ ਨਾਲ, ਉਸਨੇ ਆਲ ਇੰਡੀਆ ਰੇਡੀਓ ਦੀ ਦਸਤਖ਼ਤ ਧੁਨ ਤਿਆਰ ਕੀਤੀ ਜੋ ਲੋਕਾਂ ਵਿੱਚ ਬਹੁਤ ਮਸ਼ਹੂਰ ਹੋਈ ਅਤੇ ਅੱਜ ਵੀ ਕਰੋੜਾਂ ਲੋਕਾਂ ਦੀਆਂ ਯਾਦਾਂ ਵਿੱਚ ਰਹਿੰਦੀ ਹੈ।