ਨਵੀਂ ਦਿੱਲੀ: ਦਿੱਲੀ ਦੇ ਗਾਜ਼ੀਪੁਰ ਬਾਰਡਰ ਉੱਤੇ ਕਿਸਾਨਾਂ ਦੇ ਮਨੋਰੰਜਨ ਤੇ ਸਨਮਾਨ ਲਈ ਸੰਯੁਕਤ ਕਿਸਾਨ ਮੰਚ ਨੇ ‘ਕਿਸਾਨ ਕੇਸਰੀ ਦੰਗਲ’ ਕਰਵਾਇਆ। ਐਤਵਾਰ ਨੂੰ ਦੁਪਹਿਰੇ 12 ਵਜੇ ਭਲਵਾਨਾਂ ਦੇ ਭੇੜ ਵੇਖਣ ਲਈ ਭੀੜਾਂ ਇਕੱਠੀਆਂ ਹੋਣ ਲੱਗ ਪਈਆਂ ਸਨ। ਉੱਥੇ 60 ਦੇ ਲਗਪਗ ਪੁਰਸ਼ ਤੇ ਇਸਤਰੀ ਦੋਵੇਂ ਭਲਵਾਨ ਮੌਜੂਦ ਸਨ।

ਲੋਕ ਭਲਵਾਨਾਂ ਦੀਆਂ ਕੁਸ਼ਤੀਆਂ ਨੂੰ ਟ੍ਰੈਕਟਰਾਂ, ਹੋਰ ਗੱਡੀਆਂ ਤੇ ਫ਼ਲਾਈਓਵਰ ਦੇ ਡਿਵਾਈਡਰ ਉੱਤੇ ਚੜ੍ਹ ਕੇ ਵੇਖ ਰਹੇ ਸਨ। ਇਹ ਮੁਕਾਬਲੇ ਵੇਖਣ ਲਈ ਸਿਰਫ਼ ਕਿਸਾਨ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਦੇ ਆਮ ਲੋਕ ਤੇ ਪੁਲਿਸ ਮੁਲਾਜ਼ਮ ਵੀ ਦਰਸ਼ਕਾਂ ਵਜੋਂ ਇਕੱਠੇ ਹੋ ਗਏ ਸਨ।

ਪਹਿਲਾ ਮੈਚ ਮੁਜ਼ੱਫ਼ਰਨਗਰ ਦੇ ਭਲਵਾਨ ਯੋਗੇਂਦਰ ਤੇ ਉੱਤਰ ਪ੍ਰਦੇਸ਼ ਦੀ ਟੀਮ ਵਿਚਾਲੇ ਖੇਡਿਆ ਗਿਆ। ਵੱਡੇ ਭਲਵਾਨਾਂ ਨੂੰ 5 ਮਿੰਟ ਤੇ ਛੋਟੇ ਭਲਵਾਨਾਂ ਨੂੰ ਤਿੰਨ ਮਿੰਟ ਦਾ ਸਮਾਂ ਦਿੱਤਾ ਜਾ ਰਿਹਾ ਸੀ। ਜੇਤੂ ਭਲਵਾਨਾਂ ਨੂੰ ਆਮ ਲੋਕ ਇਨਾਮ ਦੇ ਰਹੇ ਸਨ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੇ ਕਿਹਾ ਕਿ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਨਾਲ ਅੰਦੋਲਨਕਾਰੀ ਕਿਸਾਨਾਂ ਦਾ ਆਤਮ-ਵਿਸ਼ਵਾਸ ਵਧੇਗਾ। ਉਨ੍ਹਾਂ ਕਿਹਾ ਕਿ ਅੰਨਦਾਤਿਆਂ ਨੂੰ ਹਰ ਵਰਗ ਦੇ ਲੋਕਾਂ ਦੀ ਹਮਾਇਤ ਮਿਲ ਰਹੀ ਹੈ।

ਇਸ ਦੌਰਾਨ ਦਿੱਲੀ-ਮੇਰਠ ਐਕਸਪ੍ਰੈੱਸਵੇਅ ਉੱਤੇ ਕਿਸਾਨ ਜੱਥੇਬੰਦੀ ਦੇ ਪੰਡਾਲ ’ਚ ਕਿਸਾਨਾਂ ਨੇ ਮਹਾਂਪੰਚਾਇਤ ਵੀ ਕੀਤੀ। ਇੱਕ ਕਿਸਾਨ ਦੀ ਮੌਤ ਹੋ ਜਾਣ ਕਾਰਣ ਇਹ ਮਹਾਂਪੰਚਾਇਤ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਈ। ਮਹਾਂਪੰਚਾਇਤ ਦੀ ਪ੍ਰਧਾਨਗੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਅੰਬਾਵਤਾ) ਦੇ ਰਾਸ਼ਟਰੀ ਪ੍ਰਧਾਨ ਚੌਧਰੀ ਰਿਸ਼ੀਪਾਲ ਅੰਬਾਵਤਾ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਸੰਗਠਨ ਦੇ ਕਿਸਾਨ ਗਣਤੰਤਰ ਦਿਵਸ ਦੀ ਪਰੇਡ ਵਿੱਚ ਜਨਪਥ ਦਾ ਘੇਰਾਓ ਕਰਨਗੇ।