ਯਮੁਨਾਨਗਰ: ਹਰਿਆਣਾ ਦਾ ਇੱਕ ਬਜ਼ੁਰਗ ਅਰਬਪਤੀ ਜੋੜਾ ਆਪਣੇ ਕਤਲ ਦੇ ਡਰੋਂ ਬੰਗਲੇ ਦੀ ਚਾਰਦਿਵਾਰੀ ਵਿੱਚ ਕੈਦ ਹੋਣ ਲਈ ਮਜਬੂਰ ਹੋ ਗਿਆ ਹੈ। ਜੋੜੇ ਨੂੰ ਆਪਣੀ ਨੂੰਹ ਤੋਂ ਜਾਨ ਦਾ ਖ਼ਤਰਾ ਜਾਪਦਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਨੂੰਹ ਨੇ ਹੀ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਹੈ। ਹੁਣ ਉਨ੍ਹਾਂ ਨੂੰ ਮਾਰ ਦੇਵੇਗੀ। ਬਜ਼ੁਰਗਾਂ ਨੇ ਆਪਣੀ ਨੂੰਹ 'ਤੇ ਜ਼ਬਰੀ ਘਰ ਵਿੱਚ ਦਾਖ਼ਲ ਹੋਣ ਦੇ ਇਲਜ਼ਾਮ ਵੀ ਲਾਏ ਹਨ। ਪੂਰਾ ਮਾਮਲਾ ਕਾਫੀ ਪੇਚੀਦਾ ਹੈ।


ਦਰਅਸਲ, 2016 ਵਿੱਚ ਅਰਬਪਤੀ ਸੁਭਾਸ਼ ਬਤਰਾ ਦੇ ਇਕਲੌਤੇ ਪੁੱਤਰ ਯੋਗੇਸ਼ ਬਤਰਾ ਦੀ ਅਚਾਨਕ ਮੌਤ ਹੋ ਗਈ ਸੀ। ਸੁਭਾਸ਼ ਬਤਰਾ ਮੁਤਾਬਕ ਬਾਅਦ ਵਿੱਚ ਖੁਲਾਸਾ ਹੋਇਆ ਕਿ ਉਨ੍ਹਾਂ ਦੀ ਨੂੰਹ ਨੇ ਆਪਣੇ ਪ੍ਰੇਮੀ, ਪੁੱਤਰੀ ਤੇ ਦੋ ਕਿਰਾਏ ਦੇ ਗੁੰਡਿਆਂ ਨਾਲ ਰਲ਼ ਕੇ ਉਸ ਦੇ ਪੁੱਤ ਦਾ ਕਤਲ ਕਰ ਦਿੱਤਾ ਤੇ ਉਸ ਨੂੰ ਹਾਦਸੇ ਦਾ ਰੂਪ ਦੇ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਉਕਤ ਪੰਜ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਹੁਣ ਇਹ ਸਾਰੇ ਜ਼ਮਾਨਤ 'ਤੇ ਰਿਹਾਅ ਹਨ।

ਇਸ ਤੋਂ ਬਾਅਦ ਸੁਭਾਸ਼ ਬਤਰਾ ਦੀ ਨੂੰਹ ਪ੍ਰਿਅੰਕਾ ਤੇ ਹੋਰ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਵਿੱਚ ਜ਼ਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। CCTV ਵਿੱਚ ਕੰਧ ਟੱਪਦਿਆਂ ਹੋਏ ਉਕਤ ਪੰਜ ਲੋਕ ਕੈਦ ਹੋ ਗਏ ਹਨ। ਬਜ਼ੁਰਗ ਜੋੜੇ ਨੇ ਦੱਸਿਆ ਕਿ ਡਰਦੇ ਹੋਏ ਉਨ੍ਹਾਂ ਖ਼ੁਦ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ ਆਪਣੀ ਨੂੰਹ ਤੇ ਪੋਤੀ ਨੂੰ ਘਰ ਵਿੱਚ ਰੱਖਣ ਦੀ ਹਦਾਇਤ ਕੀਤੀ।

ਸੁਭਾਸ਼ ਬਤਰਾ ਨੇ ਦੱਸਿਆ ਕਿ ਉਨ੍ਹਾਂ ਉਕਤ ਮੁਲਜ਼ਮਾਂ ਦੀ ਜ਼ਮਾਨਤ ਰੱਦ ਕਰਵਾਉਣ ਲਈ ਹਾਈਕੋਰਟ ਜਾਣਗੇ। ਇਸ ਮਾਮਲੇ 'ਤੇ ਯਮੁਨਾਨਗਰ ਦੇ ਸੀਨੀਅਰ ਵਕੀਲ ਪ੍ਰਮੋਦ ਗੁਪਤਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪੁੱਤ ਦੇ ਕਤਲ ਦੇ ਮੁਲਜ਼ਮਾਂ ਨੂੰ ਮਾਪਿਆਂ ਨਾਲ ਰਹਿਣ ਲਈ ਮਜਬੂਰ ਕਰਨਾ ਸਹੀ ਨਹੀਂ ਹੈ। ਸੀਨੀਅਰ ਸਿਟੀਜ਼ਨ ਜੋੜੇ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ।