ਪੁਣੇ: ਭਾਜਪਾ ਦੇ ਸੀਨੀਅਰ ਲੀਡਰ ਯਸ਼ਵੰਤ ਸਿਨ੍ਹਾ ਨੇ ਕਿਹਾ ਹੈ ਕਿ ਭਾਰਤ ਵਿੱਚ ਜੀ.ਐਸ.ਟੀ. ਨੂੰ ਲਾਗੂ ਕਰਨਾ ਇਸ ਗੱਲ ਦੀ "ਅਹਿਮ ਉਦਹਾਰਨ" ਹੈ ਕਿ ਇਸ ਨੂੰ ਮੌਜੂਦਾ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਸੀ। ਸਿਨ੍ਹਾ ਨੇ ਕਿਹਾ ਕਿ "ਜੀ.ਐਸ.ਟੀ. ਵਿਸ਼ਵ ਪੱਧਰ 'ਤੇ ਅਸਿੱਧੇ ਟੈਕਸ ਦੀ ਸਭ ਤੋਂ ਚੰਗੀ ਪ੍ਰਣਾਲੀ ਹੈ ਤੇ ਇਸ ਵਿੱਚ ਕੋਈ ਸ਼ੱਕ ਨਹੀਂ।


ਇਹ ਹੀ ਕਾਰਨ ਹੈ ਕਿ ਇਸ ਨੂੰ ਵਧੇਰੇ ਦੇਸ਼ਾਂ ਨੇ ਅਪਣਾਇਆ ਹੈ ਪਰ ਭਾਰਤ ਵਿੱਚ ਜਿਸ ਤਰੀਕੇ ਨਾਲ ਜੀ.ਐਸ.ਟੀ ਨੂੰ ਲਾਗੂ ਕੀਤਾ ਗਿਆ, ਉਹ ਇਸ ਗੱਲ ਦੀ ਵੱਡੀ ਉਦਹਾਰਨ ਹੈ ਕਿ ਕਿਤੇ ਵੀ ਟੈਕਸ ਸੁਧਾਰ ਨੂੰ ਇਸ ਤਰ੍ਹਾਂ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਇਹ ਹਾਰਵਰਡ ਤੇ ਹੋਰਨਾਂ ਵਿਸ਼ਵ ਵਿਦਿਆਲਿਆਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ। ਪਹਿਲਾਂ ਵੀ ਕਈ ਮੌਕਿਆਂ 'ਤੇ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧਣ ਵਾਲੇ ਸਿਨ੍ਹਾਂ ਜੀ.ਐਸ.ਟੀ ਤੇ ਮੁਦਰੀਕਰਨ ਤੇ ਭਾਸ਼ਣ ਦੇ ਰਹੇ ਸਨ।

ਸਿਨ੍ਹਾ ਨੇ ਕਿਹਾ ਕਿ ਸਰਕਾਰ ਤੁਰੰਤ ਅਰਥਸ਼ਾਸ਼ਤਰੀ ਕੇਲਕਰ ਨੂੰ ਨਾਲ ਲਵੇ ਜਿਨ੍ਹਾਂ ਨੇ ਭਾਰਤ ਵਿੱਚ ਜੀ.ਐਸ.ਟੀ. ਦੀ ਰੂਪ ਰੇਖਾ ਤਿਆਰ ਕੀਤੀ ਸੀ ਤਾਂ ਜੋ ਅਰਥ ਵਿਵਸਥਾ ਨੂੰ ਮੁਸ਼ਕਲ ਵਿੱਚੋਂ ਬਾਹਰ ਕੱਢਣ ਦੇ ਲਈ ਜੀ.ਐਸ.ਟੀ. ਵਿੱਚ ਸਾਕਾਰਾਤਮਕ ਸੁਧਾਰ ਲਿਆਂਦੇ ਜਾਣ। ਨੋਟਬੰਦੀ ਤੇ ਸਿਨ੍ਹਾ ਨੇ ਕਿਹਾ ਕਿ ਕਿਸੇ ਵੀ ਅਮੀਰ ਵਿਅਕਤੀ ਨੂੰ ਮੁਸ਼ਕਲ ਨਹੀਂ ਆਈ ਤੇ ਗਰੀਬ ਲੋਕ ਹੀ ਲਾਈਨਾਂ ਵਿੱਚ ਖੜ੍ਹੇ ਸਨ ਤੇ ਉਨ੍ਹਾਂ ਨੂੰ ਆਪਣੀ ਜਾਣ ਵੀ ਗਵਾਉਣੀ ਪਈ।