ਸ੍ਰੀਨਗਰ: ਜੰਮੂ-ਕਸ਼ਮੀਰ 'ਚ ਪੜ੍ਹੇ ਲਿਖੇ ਨੌਜਵਾਨਾਂ ਦਾ ਅੱਤਵਾਦ ਪ੍ਰਤੀ ਰੁਝਾਨ ਵਧ ਰਿਹਾ ਹੈ। ਉੱਚ ਵਿਦਿਆ ਹਾਸਲ ਨੌਜਵਾਨ ਹਥਿਆਰ ਚੁੱਕ ਰਹੇ ਹਨ। ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ। ਪੁਲਵਾਮਾ 'ਚ ਇਸ਼ਫਾਕ ਅਹਿਮਦ ਵਾਨੀ ਨਾਂ ਦੇ ਨੌਜਵਾਨ ਨੇ ਕਥਿਤ ਤੌਰ 'ਤੇ ਅੱਤਵਾਦ 'ਚ ਕਦਮ ਧਰ ਲਿਆ ਹੈ। ਇਸ਼ਫਾਕ ਐਮਬੀਏ ਦਾ ਵਿਦਿਆਰਥੀ ਰਹਿ ਚੁੱਕਾ ਹੈ ਤੇ ਕਰੀਬ ਇੱਕ ਹਫਤੇ ਤੋਂ ਘਰੋਂ ਲਾਪਤਾ ਸੀ।


ਇਸ ਮਾਮਲੇ 'ਚ ਪਰਿਵਾਰ ਵਾਲਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਬਾਅਦ ਪੁਲਿਸ ਨੇ ਇਸ਼ਫਾਕ ਨੂੰ ਅੱਤਵਾਦ ਦਾ ਰਾਹ ਛੱਡ ਘਰ ਪਰਤਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਘਾਟੀ 'ਚ ਇੱਕ ਆਈਪੀਐਸ ਅਫਸਰ ਦਾ ਭਰਾ ਵੀ ਅੱਤਵਾਦੀ ਸੰਗਠਨ ਹਿਜਬੁਲ ਮੁਜ਼ਾਹਦੀਨ 'ਚ ਸ਼ਾਮਿਲ ਹੋ ਗਿਆ ਸੀ। ਹਿਜਬੁਲ ਨੇ ਆਪਣੇ ਕਮਾਂਡਰ ਬੁਰਹਾਨ ਵਾਨੀ ਦੀ ਦੂਜੀ ਬਰਸੀ 'ਤੇ ਤਸਵੀਰ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਆਈਪੀਐਸ ਅਧਿਕਾਰੀ ਦੇ ਭਰਾ ਨੇ ਅੱਤਵਾਦੀ ਸੰਗਠਨ ਨਾਲ ਹੱਥ ਮਿਲਾ ਲਿਆ ਹੈ।


ਇਸੇ ਸਾਲ ਜਨਵਰੀ 'ਚ 26 ਸਾਲਾ ਮਨਨ ਬਸ਼ੀਰ ਵਾਨੀ ਕਥਿਤ ਤੌਰ 'ਤੇ ਹਿਜਬੁਲ ਮੁਜ਼ਾਹਦੀਨ 'ਚ ਸ਼ਾਮਲ ਹੋ ਗਿਆ ਸੀ। ਵਾਨੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਿਹਾ ਸੀ।