ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 17 ਨਵੰਬਰ ਨੂੰ ਬ੍ਰਿਕਸ ਦੀ ਬੈਠਕ 'ਚ ਆਹਮੋ-ਸਾਹਮਣੇ ਹੋ ਸਕਦੇ ਹਨ। ਬ੍ਰਿਕਸ ਦੇਸ਼ਾਂ ਦੀ 17 ਨਵੰਬਰ ਨੂੰ ਇਕ ਵਰਚੁਅਲ ਬੈਠਕ ਹੋਵੇਗੀ। ਬ੍ਰਿਕਸ ਦੇਸ਼ਾਂ 'ਚੋਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਹਨ।
ਦੱਸ ਦੇਈਏ ਕਿ ਪੂਰਬੀ ਲੱਦਾਖ 'ਚ ਪੰਜ ਮਹੀਨਿਆਂ ਤੋਂ ਭਾਰਤ ਅਤੇ ਚੀਨ ਵਿਚਾਲੇ ਤਣਾਅ ਚੱਲ ਰਿਹਾ ਹੈ, ਜਿਸ ਕਾਰਨ ਦੋਵਾਂ ਦੇ ਰਿਸ਼ਤਿਆਂ ਵਿਚਾਲੇ ਸਬੰਧਾਂ 'ਚ ਮਹੱਤਵਪੂਰਣ ਤਣਾਅ ਪੈਦਾ ਹੋਇਆ ਹੈ। ਵਿਵਾਦ ਸੁਲਝਾਉਣ ਲਈ ਦੋਵਾਂ ਧਿਰਾਂ ਨੇ ਕਈ ਦੌਰ ਦੀਆਂ ਕੂਟਨੀਤਕ ਅਤੇ ਸੈਨਿਕ ਗੱਲਬਾਤ ਕੀਤੀ। ਹਾਲਾਂਕਿ, ਡੈੱਡਲਾਕ ਨੂੰ ਸੁਲਝਾਉਣ ਵਿੱਚ ਕੋਈ ਸਫਲਤਾ ਨਹੀਂ ਮਿਲੀ।
ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਵਿਚਾਲੇ 12 ਅਕਤੂਬਰ ਨੂੰ ਗੱਲਬਾਤ ਦਾ ਇਕ ਹੋਰ ਦੌਰ ਹੋਣਾ ਹੈ, ਜਿਸ ਦਾ ਏਜੰਡਾ ਖ਼ਾਸਕਰ ਵਿਵਾਦਿਤ ਬਿੰਦੂਆਂ ਤੋਂ ਫ਼ੌਜਾਂ ਦੀ ਵਾਪਸੀ ਦੀ ਰੂਪਰੇਖਾ ਦਾ ਫ਼ੈਸਲਾ ਕਰਨਾ ਹੈ।
ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਪਹਿਲਾਂ ਹੀ ਇਸ ਉੱਚਾਈ ਵਾਲੇ ਖੇਤਰ ਵਿੱਚ ਹਜ਼ਾਰਾਂ ਸੈਨਿਕ ਅਤੇ ਸੈਨਿਕ ਉਪਕਰਣ ਤਾਇਨਾਤ ਕਰ ਚੁੱਕਾ ਹੈ। ਭਾਰਤੀ ਹਵਾਈ ਸੈਨਾ ਨੇ ਪਹਿਲਾਂ ਹੀ ਆਪਣੇ ਫਰੰਟਲਾਈਨ ਲੜਾਕੂ ਜਹਾਜ਼ਾਂ ਜਿਵੇਂ ਕਿ ਸੁਖੋਈ 30 ਐਮਕੇਆਈ, ਜਗੁਆਰ ਅਤੇ ਮਿਰਾਜ 2000 ਪੂਰਬੀ ਲੱਦਾਖ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ ਨਾਲ ਹੋਰ ਥਾਵਾਂ 'ਤੇ ਤਾਇਨਾਤ ਕੀਤੇ ਹਨ।