ਚੰਡੀਗੜ੍ਹ/ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ ਕਤਲੇਆਮ 13 ਅਪਰੈਲ, 1919 ਨੂੰ ਵਿਸਾਖੀ ਵਾਲੇ ਦਿਨ ਹੋਇਆ ਸੀ। ਇੱਥੇ ਰੋਲਟ ਐਕਟ ਦੇ ਵਿਰੋਧ ‘ਚ ਇੱਕ ਕਾਨਫਰੰਸ ਕੀਤੀ ਗਈ ਸੀ। ਬ੍ਰਿਟਿਸ਼ ਫੌਜ ਦੇ ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ ਨੂੰ ਫੌਜ ਨਾਲ ਘੇਰ ਲਿਆ। ਸ਼ਾਂਤਮਈ ਇਕੱਠ ਕਰ ਰਹੇ ਲੋਕਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਵਿੱਚ ਸੈਂਕੜੇ ਨਿਰਦੋਸ਼ ਲੋਕ ਮੌਕੇ ‘ਤੇ ਮਾਰੇ ਗਏ। ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਸਾਰਾ ਬਾਗ ਖੂਨ ਨਾਲ ਭਰਿਆ ਹੋਇਆ ਸੀ।
ਅੱਜ ਵੀ ਜਲ੍ਹਿਆਂਵਾਲਾ ਬਾਗ ਦੀਆਂ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਹਨ। ਕਤਲੇਆਮ ਨੂੰ ਵੇਖਦਿਆਂ ਅੱਜ ਵੀ ਲੋਕਾਂ ਦੀਆਂ ਅੱਖਾਂ ਨਮ ਹੁੰਦੀਆਂ ਹਨ। ਇਹ ਪਹਿਲਾ ਮੌਕਾ ਹੈ ਜਦੋਂ ਸੰਨਾਟਾ ਇੱਥੇ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦਵੇਗਾ, ਜਿਨ੍ਹਾਂ ਨੇ ਜਲਿਆਂਵਾਲਾ ਬਾਗ ਵਿੱਚ ਦੇਸ਼ ਲਈ ਕੁਰਬਾਨੀ ਦਿੱਤੀ। ਅੱਜ ਇੱਥੇ ਕੋਈ ਪ੍ਰੋਗਰਾਮ ਨਹੀਂ ਹੋਇਆ। ਦੱਸ ਦਈਏ ਕਿ ਸੂਬਾ ਸਰਕਾਰ ਨੇ ਕੁਝ ਸਮਾਂ ਪਹਿਲਾਂ ਜਲ੍ਹਿਆਂਵਾਲਾ ਬਾਗ ਅੰਦਰ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਇਸ 15 ਫਰਵਰੀ ਤੋਂ ਬੰਦ ਕੀਤਾ ਸੀ, ਪਰ 13 ਅਪਰੈਲ ਨੂੰ ਖਾਸ ਤੌਰ ‘ਤੇ ਖੋਲ੍ਹਿਆ ਜਾਣਾ ਸੀ।
ਇਸ ਕਤਲੇਆਮ ‘ਚ ਕਿੰਨੇ ਲੋਕ ਸ਼ਹੀਦ ਹੋਏ ਸੀ, ਇਸ ਦੇ ਸਹੀ ਅੰਕੜਿਆਂ ਬਾਰੇ ਅਜੇ ਤਕ ਸਪਸ਼ਟ ਨਹੀਂ ਕੀਤਾ ਗਿਆ। ਵੱਖੋ-ਵੱਖਰੇ ਰਿਕਾਰਡਾਂ ‘ਚ ਬਹੁਤ ਸਾਰੇ ਨੰਬਰ ਦਰਜ ਹਨ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ 484 ਸ਼ਹੀਦਾਂ ਦੀ ਸੂਚੀ ਹੈ, ਜਦੋਂਕਿ ਜਲ੍ਹਿਆਂਵਾਲਾ ਬਾਗ ਵਿੱਚ ਕੁੱਲ 388 ਸ਼ਹੀਦਾਂ ਦੀ ਸੂਚੀ ਹੈ। ਬ੍ਰਿਟਿਸ਼ ਰਾਜ ਦੇ ਰਿਕਾਰਡ ਮੰਨਦੇ ਹਨ ਕਿ ਇਸ ਘਟਨਾ ਵਿੱਚ 200 ਲੋਕ ਜ਼ਖਮੀ ਹੋਏ ਸੀ ਤੇ 379 ਲੋਕ ਸ਼ਹੀਦ ਹੋਏ ਸੀ। ਇਨ੍ਹਾਂ ਚੋਂ 337 ਆਦਮੀ, 41 ਨਾਬਾਲਗ ਤੇ ਇੱਕ ਛੇ ਹਫ਼ਤੇ ਦਾ ਬੱਚਾ ਸੀ।
ਇਹ ਵੀ ਕਿਹਾ ਜਾਂਦਾ ਹੈ ਕਿ ਬਾਗ ਵਿੱਚੋਂ ਲਾਸ਼ਾਂ ਨੂੰ ਹਟਾਉਣ ਲਈ ਦੋ ਦਿਨਾਂ ਲੱਗ ਗਏ ਸੀ। ਕਈ ਇਤਿਹਾਸਕਾਰਾਂ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਬਾਗ ਵਿੱਚੋਂ 1200 ਤੋਂ 1500 ਲਾਸ਼ਾਂ ਕੱਢੀਆਂ ਗਈਆਂ। ਇਸ ਦੇ ਨਾਲ ਹੀ ਖੂਹ ਵਿੱਚੋਂ 120 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਹਾਲਾਂਕਿ, ਅਧਿਕਾਰਤ ਅੰਕੜੇ ਸ਼ਹੀਦਾਂ ਦੀ ਗਿਣਤੀ ਨੂੰ ਵੱਖਰੇ ਢੰਗ ਨਾਲ ਦੱਸਦੇ ਹਨ।
ਇਤਿਹਾਸਕਾਰ ਇਸ ਕਤਲੇਆਮ ‘ਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਸ਼ਹਾਦਤ ਦੀ ਗੱਲ ਵੀ ਕਰਦੇ ਹਨ। ਇਹ ਇੱਕ ਅਜਿਹੀ ਘਟਨਾ ਸੀ ਜਿਸ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਸੁਤੰਤਰਤਾ ਸੰਗਰਾਮ ‘ਤੇ ਪਿਆ ਤੇ ਸਾਰੀ ਲਹਿਰ ਨੇ ਨਵਾਂ ਮੋੜ ਲੈ ਲਿਆ। ਇਸ ਕਤਲੇਆਮ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। 13 ਅਪਰੈਲ, 1919 ਵਿਸ਼ਵ ਦੇ ਇਤਿਹਾਸ ਦੀ ਕਾਲੀ ਤਾਰੀਖ ਹੈ। ਬ੍ਰਿਟੇਨ ਨੇ ਇਸ ਕਤਲੇਆਮ ਲਈ ਕਈ ਵਾਰ ਨਮੋਸ਼ੀ ਜ਼ਾਹਰ ਕੀਤੀ ਹੈ, ਪਰ ਅੱਜ ਤੱਕ ਮੁਆਫੀ ਨਹੀਂ ਮੰਗੀ। ਅੱਜ ਵੀ ਹਰ ਭਾਰਤੀ ਇਸ ਕਤਲੇਆਮ ਦੇ ਜ਼ਖਮਾਂ ਤੋਂ ਦੁਖੀ ਹੈ।
Education Loan Information:
Calculate Education Loan EMI