ਬੰਗਲੁਰੂ: ਕਰਨਾਟਕ ਦੇ ਖੇਤੀਬਾੜੀ ਮੰਤਰੀ ਬੀਸੀ ਪਾਟਿਲ ਨੇ ਉਨ੍ਹਾਂ ਲੋਕਾਂ 'ਤੇ ਸਵਾਲ ਚੁੱਕੇ ਜਿਨ੍ਹਾਂ ਨੇ ਪਾਕਿਸਤਾਨ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪੁੱਛਿਆ ਹੈ ਕਿ ਜਿਹੜੇ ਲੋਕ ਪਾਕਿਸਤਾਨ ਦੇ ਸਮਰਥਨ 'ਚ ਨਾਅਰੇਬਾਜ਼ੀ ਕਰਦੇ ਹਨ, ਕੀ ਉਹ ਗੱਦਾਰ ਨਹੀਂ ਹਨ? ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹਾ ਕਾਨੂੰਨ ਲਿਆਉਣ ਦੀ ਬੇਨਤੀ ਕਰਾਂਗਾ ਤਾਂ ਜੋ ਅਜਿਹੇ ਲੋਕਾਂ ਨੂੰ ਗੋਲੀ ਮਾਰੀ ਜਾਵੇ।


ਉਨ੍ਹਾਂ ਕਿਹਾ, “ਜੇਕਰ ਪਾਕਿਸਤਾਨ ਵਿਚ ਕੋਈ ਭਾਰਤ ਮਾਤਾ ਦੀ ਜੈ ਕਹਿੰਦਾ ਹੈ, ਤਾਂ 5 ਮਿੰਟਾਂ 'ਚ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਹ ਲੋਕ ਸਾਡੇ ਦੇਸ਼ ਦਾ ਭੋਜਨ ਖਾਂਦੇ ਹਨ, ਪਾਣੀ ਪੀਂਦੇ ਹਨ, ਸਾਹ ਵੀ ਇਥੇ ਲੈਂਦੇ ਹਨ ਅਤੇ ਪਾਕਿਸਤਾਨ ਜ਼ਿੰਦਾਬਾਦ ਕਹਿੰਦੇ ਹਨ। ਕੀ ਉਹ ਗੱਦਾਰ ਨਹੀਂ ਹਨ? ਅਜਿਹੇ ਲੋਕ ਕੋਰੋਨਾ ਵਾਇਰਸ ਵਰਗੇ ਹੁੰਦੇ ਹਨ।"

ਖੇਤੀਬਾੜੀ ਮੰਤਰੀ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਅਜਿਹੇ ਲੋਕਾਂ ਖਿਲਾਫ ਕੋਈ ਕਾਨੂੰਨ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਉਸੇ ਕਾਨੂੰਨ ਤਹਿਤ ਗੋਲੀ ਮਾਰ ਦਿੱਤੀ ਜਾਵੇ। ਤਾਂ ਜੋ ਦੇਸ਼ ਵਿਰੋਧੀ ਘਟਨਾਵਾਂ ਨੂੰ ਰੋਕਣ 'ਚ ਮਦਦ ਮਿਲ ਸਕੇ।"

'ਸ਼ੂਟ ਐਂਡ ਸਾਈਟ ਲਾਅ ਬਣਾਇਆ ਜਾਵੇ'

ਇਸ ਤੋਂ ਪਹਿਲਾਂ ਵੀ ਸੂਬੇ ਦੇ ਚਿੱਤਰਦੁਰਗਾ ਜ਼ਿਲ੍ਹੇ 'ਚ ਇੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਸ਼ੂਟ ਐਂਡ ਸਾਈਟ ਐਕਟ ਬਣਾਇਆ ਜਾਣਾ ਚਾਹੀਦਾ ਹੈ।