ਲੁਧਿਆਣਾ: ਬੇਸ਼ਕ ਕੋਰੋਨਾ ਕਾਲ 'ਚ ਸਾਰੇ ਕੰਮ ਠੱਪ ਪਏ ਸੀ, ਲੋਕਾਂ ਦਾ ਆਉਣਾ-ਜਾਣਾ ਘਟ ਗਿਆ ਸੀ। ਪਰ ਬਾਵਜੂਦ ਇਸ ਸਭ ਦੇ ਲੋਕ ਘਰ ਬੈਠੇ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ। ਲੌਕਡਾਊਨ 'ਚ ਸਾਈਬਰ ਕਰਾਈਮ 'ਚ ਵੀ ਵਾਧਾ ਹੋਇਆ ਹੈ। ਸਾਈਬਰ ਸੈੱਲ 'ਚ ਰੋਜ਼ਾਨਾ 8-9 ਫਰਾਡ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ। ਲੁਧਿਆਣਾ ਦੇ ਏਡੀਸੀਪੀ ਦੀਪਕ ਪਾਰਿਕ ਨੇ ਦੱਸਿਆ ਕਿ ਸਾਈਬਰ ਕਰਾਈਮ ਦਾ ਪੂਰਾ ਜਾਲ ਹੈ ਜੋ ਲੋਕਾਂ ਨੂੰ ਟਾਰਗੇਟ ਕਰਦਾ ਹੈ। ਇਹ ਲੋਕਾਂ ਤੋਂ ਆਨਲਾਈਨ ਟਰਾਂਸਜ਼ੈਕਸ਼ਨ ਕਰਵਾ ਕੇ ਠੱਗੀਆਂ ਮਾਰਦੇ ਹਨ।
ਉਨ੍ਹਾਂ ਦੱਸਿਆ ਕਿ ਅਕਸਰ ਘੱਟ ਜਾਣਕਾਰੀ, ਘੱਟ ਉਮਰ ਵਾਲੇ ਅਤੇ ਗਲਤ ਸਾਈਟਾਂ ਦੇ ਲਿੰਕ ਖੋਲ੍ਹਣ ਵਾਲੇ ਇਨ੍ਹਾਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਨੌਜਵਾਨ ਡੇਟਿੰਗ ਸਾਈਟ, ਆਨਲਾਈਨ ਗੇਮਸ ਆਦਿ 'ਤੇ ਆਪਣੇ ਪੈਸੇ ਉਡਾਉਂਦੇ ਹਨ। ਕਈ ਵਾਰ ਕਰਾਈਮ ਇੰਨਾ ਗੰਭੀਰ ਹੋ ਜਾਂਦਾ ਹੈ ਕਿ ਕਤਲ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਦੀਪਕ ਪਾਰਿਕ ਨੇ ਨਾ ਸਿਰਫ ਸਾਈਬਰ ਕਰਾਈਮ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਸਗੋਂ ਉਸ ਤੋਂ ਬਚਣ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ।
ਉਨ੍ਹਾਂ ਕਿਹਾ ਕਿ ਆਨਲਾਈਨ ਮਿਲਣ ਵਾਲੇ ਕਿਸੇ ਵੀ ਲਿੰਕ ਨੂੰ ਬਿਨਾਂ ਜਾਂਚ ਤੋਂ ਨਾ ਖੋਲ੍ਹਿਆ ਜਾਵੇ। ਏਟੀਐਮ ਕ੍ਰੇਡਿਟ ਕਾਰਡ ਆਦਿ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਬੈਂਕ ਅਕਾਊਂਟ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਇਕ ਵੱਖਰਾ ਅਕਾਊਂਟ ਖੋਲਿਆ ਜਾਵੇ ਜਿਸ ਰਾਹੀਂ ਆਨਲਾਈਨ ਲੈਣ-ਦੇਣ ਕਰਨਾ ਹੈ। ਉਸ 'ਚ ਬਹੁਤਾ ਕੈਸ਼ ਨਾ ਰੱਖਿਆ ਜਾਵੇ, ਆਪਣੇ ਮੋਬਾਈਲ ਐਪ ਨੂੰ ਅਪਡੇਟ ਰੱਖਣ। ਉਨ੍ਹਾਂ ਦੱਸਿਆ ਕਿ ਸਾਈਬਰ ਕਰਾਈਮ ਜ਼ਿਆਦਾ ਬਿਹਾਰ ਤੇ ਝਾਰਖੰਡ 'ਚ ਹੁੰਦਾ ਸੀ ਪਰ ਕੋਰੋਨਾ ਕਾਲ ਦੌਰਾਨ ਪੰਜਾਬ 'ਚ ਵੀ ਇਸ 'ਚ ਵਾਧਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਈਬਰ ਸੈੱਲ ਦੀਆਂ 12 ਵਿਸ਼ੇਸ਼ ਟੀਮਾਂ ਦਾ ਵੀ ਗਠਨ ਕੀਤਾ ਗਿਆ।