ਅੰਮ੍ਰਿਤਸਰ: ਅਟਾਰੀ ਸਰਹੱਦ ‘ਤੇ ਅਬਦੁੱਲਾ ਨਾਂ ਦੇ ਇੱਕ ਬੰਗਲਾਦੇਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਬਦੁੱਲਾ ਵਲੋਂ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਕਰਾਚੀ ਜਾ ਰਿਹਾ ਹੈ। ਅਬਦੁੱਲਾ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਸੀ ਕਿ ਇਸ ਤਰੀਕੇ ਨਾਲ ਪਾਕਿਸਤਾਨ ਜਾਣਾ ਗੈਰ-ਕਨੂੰਨੀ ਹੈ, ਪਰ ਉਸ ਦੇ ਅਜਿਹਾ ਕਰਨ ਪਿੱਛੇ ਇੱਕ ਵੱਡੀ ਵਜ੍ਹਾ ਹੈ। ਬੰਗਲਾਦੇਸ਼ ਦੇ ਰਹਿਣ ਵਾਲੇ ਅਬਦੁੱਲਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਸ ਦੀ ਮੁਲਾਕਾਤ ਕਰਾਚੀ ਦੀ ਰਹਿਣ ਵਾਲੀ ਕਜ਼ਨ ਨਾਲ ਹੋਈ, ਜੋ ਬਾਅਦ ‘ਚ ਪਿਆਰ ‘ਚ ਤਬਦੀਲ ਹੋ ਗਈ।


ਇਸੇ ਦਰਮਿਆਨ ਲੜਕੀ ਦੇ ਮਾਤਾ-ਪਿਤਾ ਨੇ ਉਸ ਦਾ ਵਿਆਹ ਕਿਤੇ ਹੋਰ ਕਰਨ ਜਾ ਰਹੇ ਸੀ, ਤਾਂ ਉਹ ਆਪਣੇ ਪਿਆਰ ਨੂੰ ਬਚਾਉਣ ਲਈ ਬਿਨ੍ਹਾਂ ਪਾਸਪੋਰਟ ਵੀਜ਼ਾ ਦੇ ਹੀ ਕੋਲਕਾਤਾ ਦੇ ਰਸਤੇ ਬੰਗਲਾਦੇਸ਼ ਤੋਂ ਭਾਰਤ ਦਾਖਿਲ ਹੋਇਆ। ਇਸ ਦਰਮਿਆਨ ਹੈਰਾਨੀ ਦੀ ਗੱਲ ਇਹ ਹੈ ਕਿ ਲੌਕਡਾਊਨ ਕਾਰਨ ਲੱਖਾਂ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਲਈ ਮੁਸ਼ਕਿਲਾਂ ਦਾ ਸਾਮ੍ਹਣਾ ਕਰ ਰਹੇ ਹਨ, ਤਾਂ ਉੱਥੇ ਹੀ ਅਬਦੁੱਲ ਪੈਦਲ ਹੀ ਅੰਮ੍ਰਿਤਸਰ ਤੱਕ ਪਹੁੰਚ ਗਿਆ। ਤੇ ਆਈਪੀਸੀ ਦੀ ਚੈੱਕ ਪੋਸਟ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਤੋਂ ਪਾਕਿਸਤਾਨ ਜਾਣ ਦਾ ਰਸਤਾ ਪੁੱਛਣ ਲਗ ਪਿਆ।

ਬੀਐਸਐਫ ਵਲੋਂ ਤਲਾਸ਼ੀ ਕਰਨ ‘ਤੇ ਉਸ ਕੋਲੋਂ ਕੁੱਝ ਵੀ ਨਹੀਂ ਮਿਲਿਆ, ਪਰ ਸ਼ੱਕ ਹੋਣ ‘ਤੇ ਉਨ੍ਹਾਂ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਬਿਨ੍ਹਾਂ ਕਾਗਜ਼ਾਤ ਦੇ ਭਾਰਤ ਦਾਖਿਲ ਹੋਣ ‘ਤੇ ਅਬਦੁੱਲਾ ‘ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਰਿਮਾਂਡ ਲੈ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਭਾਰਤ ਦਾਖਿਲ ਹੋ ਕੇ ਉਹ ਕਿਸ- ਕਿਸ ਦੇ ਸੰਪਰਕ ‘ਚ ਆਇਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ