Milk Price Hike: ਦੁੱਧ ਦੇ ਰੇਟ 'ਚ 2 ਰੁਪਏ ਵਾਧਾ, ਜਾਣੋ ਤਾਜ਼ਾ ਭਾਅ
ਰਾਜਧਾਨੀ ਦਿੱਲੀ ਤੇ ਐਨਸੀਆਰ ਵਿੱਚ ਦੁੱਧ ਦੀ ਵੱਡੀ ਸਪਲਾਈ ਕਰਨ ਵਾਲੀ ‘ਮਦਰ ਡੇਅਰੀ’ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲਿਟਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਤੇ ਐਨਸੀਆਰ ਵਿੱਚ ਦੁੱਧ ਦੀ ਵੱਡੀ ਸਪਲਾਈ ਕਰਨ ਵਾਲੀ ‘ਮਦਰ ਡੇਅਰੀ’ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲਿਟਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਤੋਂ ਪਹਿਲਾਂ ‘ਮਦਰ ਡੇਅਰੀ’ ਨੇ ਦਸੰਬਰ 2019 ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਸੀ।
‘ਮਦਰ ਡੇਅਰੀ’ ਤੋਂ ਪਹਿਲਾਂ ‘ਅਮੁਲ’ ਨੇ ਵੀ 1 ਜੁਲਾਈ ਤੋਂ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲਿਟਰ ਵਾਧਾ ਕੀਤਾ ਸੀ। ਦੁੱਧ ਦੀ ਕੀਮਤ ਵਾਧੇ ਦਾ ਐਲਾਨ ਕਰਦਿਆਂ ‘ਮਦਰ ਡੇਅਰੀ’ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਡੇਅਰੀ ਉਤਪਾਦਕਾਂ ਤੋਂ ਦੁੱਧ ਖਰੀਦਣ ਦੀ ਲਾਗਤ ਵਿੱਚ ਅੱਠ ਤੋਂ 10 ਫੀਸਦ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਹੋਰ ਓਪਰੇਟਿੰਗ ਖਰਚੇ ਵੀ ਵਧੇ ਹਨ।
100 ਤੋਂ ਵੱਧ ਸ਼ਹਿਰਾਂ ਵਿੱਚ ‘ਮਦਰ ਡੇਅਰੀ’ ਦੁੱਧ ਦੀ ਵਿਕਰੀ
‘ਮਦਰ ਡੇਅਰੀ’ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ, ਦਿੱਲੀ-ਐਨਸੀਆਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਜਾਣਾ ਹੈ, ਜੋ 11 ਜੁਲਾਈ ਤੋਂ ਲਾਗੂ ਹੋਵੇਗਾ। ‘ਮਦਰ ਡੇਅਰੀ’ ਨੇ ਕਿਹਾ ਕਿ ਪੂਰਬੀ ਅਤੇ ਮੱਧ ਉੱਤਰ ਪ੍ਰਦੇਸ਼, ਮੁੰਬਈ, ਨਾਗਪੁਰ ਤੇ ਕੋਲਕਾਤਾ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵੀ 11 ਜੁਲਾਈ ਤੋਂ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਵੇਗਾ। ‘ਮਦਰ ਡੇਅਰੀ’ ਦਾ ਦੁੱਧ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਵਿਚ ਵਿਕਦਾ ਹੈ। ‘ਮਦਰ ਡੇਅਰੀ’ ਦੀ ਰੋਜ਼ਾਨਾ ਵਿਕਰੀ 35 ਲੱਖ ਲਿਟਰ ਦੁੱਧ ਹੈ। ਇਸ ਵਿੱਚੋਂ ਇਹ 30 ਲੱਖ ਲਿਟਰ ਦੁੱਧ ਦਿੱਲੀ-ਐਨਸੀਆਰ ਵਿਚ ਵੇਚਦਾ ਹੈ।
1- ਟੋਕਨ ਵਾਲਾ ਦੁੱਧ 44 ਰੁਪਏ ਪ੍ਰਤੀ ਲਿਟਰ ਹੋਵੇਗਾ। ਫਿਲਹਾਲ ਇਸ ਦੀ ਕੀਮਤ 42 ਰੁਪਏ ਪ੍ਰਤੀ ਲਿਟਰ ਹੈ।
2- ਪੂਰੀ ਕਰੀਮ (ਪੌਲੀਪੈਕ) ਦੁੱਧ ਦੀ ਕੀਮਤ 55 ਰੁਪਏ ਤੋਂ ਵਧ ਕੇ 57 ਰੁਪਏ ਪ੍ਰਤੀ ਲਿਟਰ ਹੋ ਜਾਵੇਗੀ।
3- ਟੋਨਡ ਦੁੱਧ ਪ੍ਰਤੀ ਲਿਟਰ 45 ਤੋਂ 47 ਰੁਪਏ ਤੇ ਡਬਲ ਟੋਨ ਦੁੱਧ 39 ਤੋਂ 41 ਰੁਪਏ ਪ੍ਰਤੀ ਲਿਟਰ ਹੋਵੇਗਾ।
4- ਗਾਂ ਦੇ ਦੁੱਧ ਦੀ ਕੀਮਤ 47 ਰੁਪਏ ਤੋਂ 49 ਰੁਪਏ ਪ੍ਰਤੀ ਲਿਟਰ ਤੱਕ ਵਧੇਗੀ।
5- ਦੁੱਧ ਦੇ ਡੇਢ ਲਿਟਰ ਪਾਊਚ ਦੀ ਕੀਮਤ ਵਿੱਚ ਇੱਕ ਰੁਪਏ ਦਾ ਵਾਧਾ ਕੀਤਾ ਗਿਆ ਹੈ। ਇੰਝ ਇਕ ਲਿਟਰ ਦੀ ਕੀਮਤ ਵਿਚ ਦੋ ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਵੇਗਾ।
ਮੁੰਬਈ- ਉੱਧਰ ‘ਗੋਕੁਲ’ ਨੇ ਮਹਾਰਾਸ਼ਟਰ ਵਿਚ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ, ਨਵੀਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।
ਕੋਹਲਾਪੁਰ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ, ਜੋ ਕਿ ਗੋਕੁਲ ਮਿਲਕ ਬ੍ਰਾਂਡ ਨਾਲ ਸਬੰਧਤ ਹੈ, ਨੇ ਵੀ ਅੱਜ ਤੋਂ ਮਹਾਰਾਸ਼ਟਰ ਵਿੱਚ ਦੁੱਧ ਦੀ ਕੀਮਤ ਵਿੱਚ ਦੋ ਰੁਪਏ ਪ੍ਰਤੀ ਲਿਟਰ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਹਾਲਾਂਕਿ, ਇਹ ਕੀਮਤ ਵਾਧੇ ਕੋਹਲਾਪੁਰ, ਸਾਂਗਲੀ ਅਤੇ ਕੋਂਕਣ ਵਿੱਚ ਲਾਗੂ ਨਹੀਂ ਹੋਣਗੇ। ਸਨਿੱਚਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਗੋਕੁਲ ਨੇ ਮੱਝਾਂ ਅਤੇ ਗਾਂ ਦੇ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਹਾਲਾਂਕਿ, ਕੋਹਲਾਪੁਰ, ਸਾਂਗਲੀ ਅਤੇ ਕੋਂਕਣ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਇਸ ਸਮੇਂ ਗੋਕੁਲ ਦੀ ਗਾਂ ਦਾ ਦੁੱਧ 47 ਰੁਪਏ ਪ੍ਰਤੀ ਲਿਟਰ ਹੈ। ਐਤਵਾਰ ਤੋਂ ਇਸ ਦੀ ਕੀਮਤ 49 ਰੁਪਏ ਪ੍ਰਤੀ ਲਿਟਰ ਹੋਵੇਗੀ। ਇਸ ਦੇ ਨਾਲ ਹੀ ਮੱਝ ਦੇ ਦੁੱਧ ਦੀ ਕੀਮਤ 58 ਰੁਪਏ ਤੋਂ ਵਧਾ ਕੇ 60 ਰੁਪਏ ਪ੍ਰਤੀ ਲਿਟਰ ਹੋ ਜਾਵੇਗੀ।
ਯੂਨੀਅਨ ਦੇ ਮੁਖੀ ਸਤੇਜ ਪਾਟਿਲ ਨੇ ਕਿਹਾ ਕਿ ਮੱਝ ਦੇ ਦੁੱਧ ਦੀ ਖਰੀਦ ਵਿੱਚ 2 ਰੁਪਏ ਤੇ ਗਾਂ ਦੇ ਦੁੱਧ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ, ਜਿਸ ਕਾਰਨ ਸਾਨੂੰ ਕੀਮਤ ਵਿੱਚ ਵਾਧਾ ਕਰਨਾ ਪਿਆ ਹੈ। ਗੋਕੂਲ ਰਾਜ ਭਰ ਤੋਂ ਰੋਜ਼ਾਨਾ 12 ਲੱਖ ਲਿਟਰ ਦੁੱਧ ਦੀ ਖਰੀਦ ਕਰਦਾ ਹੈ।