ਮੁਕਤਸਰ ਦੀ ਕਮਲਪ੍ਰੀਤ ਨੇ ਸਿਰਜਿਆ ਇਤਿਹਾਸ, ਓਲੰਪਿਕ 'ਚ ਨਾਂ ਆਉਣ 'ਤੇ ਸ਼੍ਰੋਮਣੀ ਕਮੇਟੀ ਨੇ ਦਿੱਤੇ 2 ਲੱਖ ਰੁਪਏ
ਪੰਜਾਬ ਦੀ ਨੌਜਵਾਨ ਪੀੜੀ ਹੁਣ ਖੇਡਾਂ 'ਚ ਵੀ ਮੱਲਾਂ ਮਾਰ ਰਹੀ ਹੈ। ਇਸੇ ਦਰਮਿਆਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਖਿਡਾਰਨ ਕਮਲਪ੍ਰੀਤ ਕੌਰ ਜਾਪਾਨ ’ਚ ਟੋਕੀਓ ਵਿਖੇ ਜੁਲਾਈ 2021 ਨੂੰ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਡਿਸਕਸ ਥਰੋ ਲਈ ਚੁਣੀ ਗਈ ਹੈ।
ਅੰਮ੍ਰਿਤਸਰ: ਪੰਜਾਬ ਦੀ ਨੌਜਵਾਨ ਪੀੜੀ ਹੁਣ ਖੇਡਾਂ 'ਚ ਵੀ ਮੱਲਾਂ ਮਾਰ ਰਹੀ ਹੈ। ਇਸੇ ਦਰਮਿਆਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਖਿਡਾਰਨ ਕਮਲਪ੍ਰੀਤ ਕੌਰ ਜਾਪਾਨ ’ਚ ਟੋਕੀਓ ਵਿਖੇ ਜੁਲਾਈ 2021 ਨੂੰ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਡਿਸਕਸ ਥਰੋ ਲਈ ਚੁਣੀ ਗਈ ਹੈ। ਇਸ ਕਰਕੇ ਕਮਲਪ੍ਰੀਤ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਦਿੱਤਾ।
ਕਮਲਪ੍ਰੀਤ ਕੌਰ ਦੇਸ਼ ਭਗਤ ਕਾਲਜ ਧੂਰੀ ਤੋਂ ਗ੍ਰੈਜੂਏਸ਼ਨ ਕਰ ਚੁੱਕੀ ਹੈ। ਕਮਲਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਖ-ਵੱਖ ਖੇਤਰਾਂ ਮੱਲਾਂ ਮਾਰਨ ਵਾਲੇ ਸਿੱਖ ਨੌਜਵਾਨਾਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੀ ਆ ਰਹੀ ਹੈ। ਇਸੇ ਤਹਿਤ ਹੀ ਸਿੱਖ ਖਿਡਾਰਨ ਕਮਲਪ੍ਰੀਤ ਕੌਰ ਦੀਆਂ ਪ੍ਰਾਪਤੀਆਂ ਲਈ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਨੂੰ ਕਮਲਪ੍ਰੀਤ ਕੌਰ ਵਰਗੀਆਂ ਹੋਣਹਾਰ ਬੱਚੀਆਂ ’ਤੇ ਮਾਣ ਹੈ, ਜਿਨ੍ਹਾਂ ਤੋਂ ਨੌਜਵਾਨੀ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਕਮਲਪ੍ਰੀਤ ਕੌਰ ਨੂੰ ਉੱਚ ਸਿੱਖਿਆ ਲਈ ਸ਼੍ਰੋਮਣੀ ਕਮੇਟੀ ਸਹਾਇਤਾ ਕਰੇਗੀ। ਜੇਕਰ ਉਹ ਸ਼੍ਰੋਮਣੀ ਕਮੇਟੀ ਦੇ ਕਾਲਜ 'ਚ ਪੜ੍ਹਣਾ ਚਾਹੇ ਤਾਂ ਉਸ ਦੀ ਫੀਸ ਨਹੀਂ ਲਈ ਜਾਵੇਗੀ। ਹੋਰਨਾਂ ਕਾਲਜਾਂ 'ਚ ਪੜ੍ਹਨ ਲਈ ਵੀ ਉਸ ਦੀ ਸ਼੍ਰੋਮਣੀ ਕਮੇਟੀ ਮੱਦਦ ਕਰੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਲੜਕੀਆਂ ਨੂੰ ਖੇਡਾਂ ਦੇ ਖੇਤਰ 'ਚ ਵਧੀਆ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਹੀ ਲੜਕੀਆਂ ਲਈ ਵੱਖਰਾ ਖੇਡ ਡਾਇਰੈਕਟੋਰੇਟ ਸਥਾਪਿਤ ਕਰਦਿਆਂ ਅਕੈਡਮੀ ਖੋਲ੍ਹੀ ਜਾ ਚੁੱਕੀ ਹੈ।
ਇਸ ਮੌਕੇ ਓਲੰਪਿਕ ਖੇਡਾਂ ਲਈ ਚੁਣੀ ਗਈ ਕਮਲਪ੍ਰੀਤ ਕੌਰ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਖ਼ਤ ਮਿਹਨਤ ਅਤੇ ਗੁਰੂ ਸਾਹਿਬ ਦੇ ਭਰੋਸੇ ਸਦਕਾ ਕੌਮ ਦਾ ਨਾਂ ਰੌਸ਼ਨ ਕਰਨ ਲਈ ਅੱਗੇ ਆਉਣ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਕਮਲਪ੍ਰੀਤ ਕੌਰ ਦੀ ਕੋਚ ਬੀਬੀ ਰਾਖੀ ਤਿਆਗੀ ਨੂੰ ਵੀ 21 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ।