ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਦਿੱਲੀ ਸਰਕਾਰ ਨੇ ਅੱਜ ਤੋਂ 30 ਅਪ੍ਰੈਲ ਤਕ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਤੁਰੰਤ ਪ੍ਰਭਾਵ ਨਾਲ ਇਸ ਨੂੰ ਮੰਗਲਵਾਰ ਰਾਤ 10 ਵਜੇ ਤੋਂ ਲਾਗੂ ਕਰ ਦਿੱਤਾ ਗਿਆ ਹੈ। ਹੁਣ ਅੱਜ ਤੋਂ 30 ਅਪ੍ਰੈਲ ਤਕ ਹਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਸ਼ਹਿਰ 'ਚ ਕਰਫ਼ਿਊ ਰਹੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇਜਰੀਵਾਲ ਨੇ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਕੋਵਿਡ-19 ਦੀ ਚੌਥੀ ਲਹਿਰ 'ਚੋਂ ਲੰਘ ਰਹੀ ਹੈ। ਉਂਜ ਸਰਕਾਰ ਨੇ ਲੌਕਡਾਊਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ।


 


ਦਿੱਲੀ ਸਰਕਾਰ ਨੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਸਾਰੀਆਂ ਐਮਰਜੈਂਸੀ ਸੇਵਾਵਾਂ ਅਤੇ ਐਮਰਜੈਂਸੀ ਸਾਮਾਨ ਨੂੰ ਛੱਡ ਕੇ ਹਰੇਕ ਤਰ੍ਹਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨਾਈਟ ਕਰਫਿਊ ਦੌਰਾਨ ਐਮਰਜੈਂਸੀ ਸੇਵਾਵਾਂ ਤੇ ਐਮਰਜੈਂਸੀ ਸਾਮਾਨ ਦੀ ਮੂਵਮੈਂਟ ਨੂੰ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਕੋਰੋਨਾ ਮਾਮਲਿਆਂ 'ਚ ਵਾਧੇ ਵਾਲੇ ਦੂਜੇ ਸੂਬੇ ਜਿਵੇਂ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਪਹਿਲਾਂ ਹੀ ਰਾਤ ਦਾ ਕਰਫ਼ਿਊ ਲਗਾਇਆ ਜਾ ਚੁੱਕਾ ਹੈ।


 


ਨਾਈਟ ਕਰਫ਼ਿਊ ਤੋਂ ਛੋਟ (ਮਨਜੂਰਸ਼ੁਦਾ ਆਈ-ਕਾਰਡ ਵਿਖਾ ਕੇ)


ਸਿਹਤ, ਆਫ਼ਤ ਕੰਟਰੋਲ, ਪੁਲਿਸ, ਸਿਵਲ ਡਿਫੈਂਸ, ਫ਼ਾਇਰ ਸਰਵਿਸ, ਜ਼ਿਲ੍ਹਾ ਪ੍ਰਸ਼ਾਸਨ, ਅਕਾਊਂਟ, ਬਿਜਲੀ ਵਿਭਾਗ, ਜਲ ਅਤੇ ਸਾਫ਼-ਸਫ਼ਾਈ ਅਤੇ ਹਵਾਈ, ਰੇਲ ਤੇ ਬੱਸ ਨਾਲ ਜੁੜੇ ਸਰਕਾਰੀ ਅਧਿਕਾਰੀ, ਦਿੱਲੀ ਸਰਕਾਰ ਦੇ ਅਧਿਕਾਰੀ ਅਤੇ ਆਟੋਨੋਮਸ ਬਾਡੀਜ਼ ਅਤੇ ਕਾਰਪੋਰੇਸ਼ਨ ਦੇ ਸਾਰੇ ਕਰਮਚਾਰੀਆਂ ਨੂੰ ਛੋਟ ਰਹੇਗੀ।


 


ਸਾਰੇ ਪ੍ਰਾਈਵੇਟ ਮੈਡੀਕਲ ਸਟਾਫ਼, ਡਾਕਟਰ, ਨਰਸਿੰਗ ਸਟਾਫ਼, ਪੈਰਾ ਮੈਡੀਕਲ ਸਟਾਫ਼, ਡਾਇਗਨੌਸਟਿਕ ਸੈਂਟਰਾਂ, ਕਲੀਨਿਕਾਂ ਆਦਿ ਨਾਲ ਜੁੜੇ ਲੋਕਾਂ ਨੂੰ ਛੋਟ ਮਿਲੇਗੀ।


 


ਗਰਭਵਤੀ ਔਰਤਾਂ ਤੇ ਮਰੀਜ਼ਾਂ ਲਈ ਵੀ ਛੋਟ ਹੋਵੇਗੀ।


ਹਵਾਈ ਅੱਡੇ, ਰੇਲਵੇ ਸਟੇਸ਼ਨ, ਬੱਸ ਸਟੇਸ਼ਨ ਜਾਣ ਜਾਂ ਆਉਣ ਵਾਲੇ ਲੋਕਾਂ ਨੂੰ ਜਾਇਜ਼ ਟਿਕਟਾਂ ਵਿਖਾਉਣ 'ਤੇ ਛੋਟ ਮਿਲੇਗੀ।
ਦੂਜੇ ਦੇਸ਼ਾਂ ਦੇ ਡਿਪਲੋਮੈਟ ਦਫ਼ਤਰਾਂ ਨਾਲ ਜੁੜੇ ਲੋਕਾਂ ਨੂੰ ਵੈਲਿਡ ਆਈ-ਕਾਰਡ ਵਿਖਾਉਣ 'ਤੇ ਇਨ੍ਹਾਂ ਪਾਬੰਦੀਆਂ ਤੋਂ ਛੋਟ ਮਿਲੇਗੀ।
ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਜ਼ਰੂਰੀ ਤੇ ਗ਼ੈਰ-ਜ਼ਰੂਰੀ ਚੀਜ਼ਾਂ ਦੀ ਆਵਾਜਾਈ 'ਤੇ ਕੋਈ ਰੋਕ ਨਹੀਂ ਹੋਵੇਗੀ। ਇਨ੍ਹਾਂ ਲਈ ਕਿਸੇ ਈ-ਪਾਸ ਦੀ ਜ਼ਰੂਰਤ ਨਹੀਂ ਹੋਵੇਗੀ।


 


ਇਨ੍ਹਾਂ ਲਈ ਜ਼ਰੂਰੀ ਹੋਵੇਗੀ e-paas ਦੀ ਸਾਫ਼ਟ ਜਾਂ ਹਾਰਡ ਕਾਪੀ


ਰਾਸ਼ਨ, ਕਰਿਆਨੇ, ਫਲ ਤੇ ਸਬਜ਼ੀਆਂ, ਦੁੱਧ, ਮੀਟ-ਮੱਛੀ, ਜਾਨਵਰਾਂ ਦੀਆਂ ਖੁਰਾਕ ਦੀਆਂ ਦੁਕਾਨਾਂ, ਦਵਾਈਆਂ ਦੀਆਂ ਦੁਕਾਨਾਂ।
ਬੈਂਕ, ਬੀਮਾ ਦਫ਼ਤਰ, ਏਟੀਐਮ।


ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ।


ਇੰਟਰਨੈਟ ਸੇਵਾ, ਆਈ.ਟੀ. ਬਰਾਡ ਕਾਸਟਿੰਗ ਅਤੇ ਕੇਬਲ ਨਾਲ ਜੁੜੇ ਲੋਕ।


ਖਾਣ-ਪੀਣ ਅਤੇ ਦਵਾਈ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਈ-ਕਾਮਰਸ ਡਿਲੀਵਰੀ।


ਪੈਟਰੋਲ ਪੰਪ, ਐਲਪੀਜੀ, ਸੀਐਨਜੀ ਅਤੇ ਇਸ ਦੇ ਪ੍ਰਚੂਨ ਆਉਟਲੈਟਸ।


ਬਿਜਲੀ ਉਤਪਾਦਨ, ਸੰਚਾਰ ਅਤੇ ਵੰਡ ਯੂਨਿਟ।


ਕੋਲਡ ਸਟੋਰੇਜ਼ ਅਤੇ ਵੇਅਰ ਹਾਊਸ ਸੇਵਾ।


ਨਿੱਜੀ ਸੁਰੱਖਿਆ ਸੇਵਾ ਅਤੇ ਸਾਰੀਆਂ ਜ਼ਰੂਰੀ ਨਿਰਮਾਣ ਇਕਾਈਆਂ।


ਕੋਰੋਨਾ ਟੀਕਾ ਲਗਵਾਉਣ ਜਾ ਰਹੇ ਲੋਕ।


 


ਕਿਵੇਂ ਮਿਲੇਗਾ e-paas?


ਦਿੱਲੀ ਸਰਕਾਰ ਦੀ ਵੈੱਬਸਾਈਟ www.delhi.gov.in 'ਤੇ ਜਾ ਕੇ ਤੁਸੀਂ ਪਾਸ ਲਈ ਅਰਜ਼ੀ ਦੇ ਸਕਦੇ ਹੋ। ਜ਼ਿਲ੍ਹਾ ਪ੍ਰਸ਼ਾਸਨ ਈ-ਪਾਸ ਵੀ ਜਾਰੀ ਕਰੇਗਾ।


 


ਦਿੱਲੀ ਮੈਟਰੋ, ਬੱਸ, ਆਟੋ, ਟੈਕਸੀ ਵਰਗੀਆਂ ਜਨਤਕ ਆਵਾਜਾਈ ਸਹੂਲਤਾਂ ਆਪਣੇ ਸ਼ੈਡਿਊਲ ਅਨੁਸਾਰ ਚੱਲ ਸਕਣਗੇ। ਪਰ ਇਨ੍ਹਾਂ 'ਚੋਂ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਆਉਣ-ਜਾਣ ਦੀ ਮਨਜ਼ੂਰੀ ਹੋਵੇਗੀ, ਜਿਨ੍ਹਾਂ ਨੂੰ ਨਾਈਟ ਕਰਫ਼ਿਊ ਦੌਰਾਨ ਛੋਟ ਮਿਲੀ ਹੋਵੇ।


 


ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਤੇ ਡੀਸੀਪੀਜ਼ ਨੂੰ ਇਨ੍ਹਾਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।


 


ਜੋ ਵੀ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ, ਉਸ ਵਿਰੁੱਧ ਡੀਡੀਐਮਏ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।