ਨਵੀਂ ਦਿੱਲੀ: ਆਸਟਰੇਲੀਆ 'ਚ ਜਾਣਬੁੱਝ ਕੇ ਜੰਗਲ ਨੂੰ ਅੱਗ ਲਾਉਣ ਦੇ ਦੋਸ਼ ਵਿੱਚ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਤੰਬਰ ਤੋਂ ਲੈ ਕੇ ਹੁਣ ਤਕ ਅੱਗ ਲੱਗਣ ਕਰਕੇ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਜ਼ ਏਜੰਸੀ ਸਿਨਹੂਆ ਮੁਤਾਬਕ ਇੱਕ ਆਸਟਰੇਲਿਆਈ ਅਖ਼ਬਾਰ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਭ ਤੋਂ ਪ੍ਰਭਾਵਤ ਪ੍ਰਾਂਤ ਨਿਊ ਸਾਉਥ ਵੇਲਜ਼, ਕੁਈਨਜ਼ਲੈਂਡ, ਵਿਕਟੋਰੀਆ, ਦੱਖਣੀ ਆਸਟਰੇਲੀਆ ਤੇ ਤਸਮਾਨੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


ਨਵੰਬਰ ਤੋਂ ਬਾਅਦ ਹੀ ਐਨਐਸਡਬਲਯੂ '183 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ 24 ਲੋਕਾਂ ਨੂੰ ਜਾਣਬੁੱਝ ਕੇ ਜੰਗਲਾਂ ਨੂੰ ਅੱਗ ਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸੇ ਸਮੇਂ ਵਿਕਟੋਰੀਆ '43 ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਸੀ, ਕੁਈਨਜ਼ਲੈਂਡ '101 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 70 ਪ੍ਰਤੀਸ਼ਤ ਨਾਬਾਲਗ ਸੀ। ਨਵੰਬਰ 'ਚ ਇੱਥੇ ਸਭ ਤੋਂ ਭਿਆਨਕ ਅੱਗ ਲੱਗੀ ਸੀ।

ਸਵਿਨਬਰਨ ਯੂਨੀਵਰਸਿਟੀ ਦੇ ਫੋਰੈਂਸਿਕ ਵਿਵਹਾਰ ਵਿਗਿਆਨ ਦੇ ਨਿਰਦੇਸ਼ਕ ਜੇਮਜ਼ ਓਗਲੌਫ ਮੁਤਾਬਕ ਆਸਟਰੇਲੀਆ 'ਚ ਲਗਪਗ 50 ਪ੍ਰਤੀਸ਼ਤ ਅੱਗ ਜਾਣਬੁਝ ਕੇ ਲਾਈ ਗਈ ਸੀ। ਮੈਲਬੌਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਨੇਟ ਸਟੈਨਲੇ ਨੇ ਕਿਹਾ ਕਿ ਅੱਗ ਲਾਉਣ ਵਾਲੇ ਆਮ ਤੌਰ 'ਤੇ ਉਹ ਨੌਜਵਾਨ ਲੜਕੇ ਹੁੰਦੇ ਹਨ ਜਿਨ੍ਹਾਂ ਦੀ ਉਮਰ 12 ਤੋਂ 24 ਸਾਲ ਜਾਂ 60 ਸਾਲ ਤੋਂ ਵੱਡੀ ਹੈ।