ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਕੋਰੋਨਾਵਾਇਰਸ ਦੀ ਤੇਜ਼ ਰਫਤਾਰ ਨੂੰ ਦੇਖਦੇ ਹੋਏ ਉਸ ਤੋਂ ਛੁਟਕਾਰੇ ਦੀ ਉਮੀਦ ਧੁੰਦਲੀ ਹੁੰਦੀ ਜਾ ਰਹੀ ਹੈ। ਇਹ ਇਸ ਲਈ ਵੀ ਹੈ ਕਿਉਂਕਿ ਇਸ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ ਦਾ ਅੰਕੜਾ ਲੱਖ ਤੱਕ ਪਹੁੰਚਦਾ ਨਜ਼ਰ ਆ ਰਿਹਾ ਹੈ। ਇਸ ਦਾ ਇੱਕ ਹੋਰ ਕਾਰਨ ਇਹ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਕੋਲ ਕੋਈ ਠੋਸ ਦਵਾਈ ਉਪਲਬਧ ਨਹੀਂ। ਇੰਨਾ ਹੀ ਨਹੀਂ, ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਾਰੇ ਚੁੱਕੇ ਜਾ ਰਹੇ ਸਵਾਲ ਵੀ ਇਨ੍ਹਾਂ ਖਦਸ਼ਿਆਂ ਨੂੰ ਜਨਮ ਦੇ ਰਹੇ ਹਨ। ਇਸ ਸਭ ਦੇ ਵਿਚਾਲੇ ਲੈਂਸੈਟ ਇਨਫੈਕਸ਼ਨ ਡਿਜੀਜ਼ ਵਿੱਚ ਪ੍ਰਕਾਸ਼ਤ ਖੋਜ ਪੇਪਰ ਵੀ ਇਸ ਦਿਸ਼ਾ ਵੱਲ ਇਸ਼ਾਰਾ ਕਰ ਰਿਹਾ ਹਨ।
ਇਹ ਰਿਸਰਚ ਪੇਪਰ ਜਰਮਨ ਦੀ ਗਿਓਟਿੰਗਨ ਯੂਨੀਵਰਸਿਟੀ ਦੇ ਖੋਜੀ ਕ੍ਰਿਸ਼ਟੀਅਨ ਬੋਮਰ ਤੇ ਸੇਬੇਸਟੀਅਨ ਫਾਲਮਰ ਨੇ ਤਿਆਰ ਕੀਤਾ ਹੈ। ਉਨ੍ਹਾਂ ਨੇ ਇਸ ‘ਚ ਕਿਹਾ ਹੈ ਕਿ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਵਿਸ਼ਵ ਭਰ ‘ਚ ਸਿਹਤ ਸੇਵਾਵਾਂ ਵੱਲੋਂ ਰਿਪੋਰਟ ਕੀਤੇ ਗਏ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ। ਇਸ ਖੋਜ ਪੱਤਰ ਦੇ ਅਧਾਰ ‘ਤੇ ਕਈ ਅਖਬਾਰਾਂ ਨੇ ਵੀ ਇਸ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਹੈ। ਦੱਸ ਦਈਏ ਕਿ ਸੇਬੇਸਟੀਅਨ ਫਾਲਮਰ ਵਿਕਾਸ ਅਰਥ ਸ਼ਾਸਤਰ ਦਾ ਪ੍ਰੋਫੈਸਰ ਹੈ।
ਜਰਮਨੀ ਦੇ ਇਨ੍ਹਾਂ ਖੋਜਕਰਤਾਵਾਂ ਮੁਤਾਬਕ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਹੁਣ ਤੱਕ ਮਿਲੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੁਨੀਆ ਭਰ ਦੇ ਦੇਸ਼ ਕੋਰੋਨਾਵਾਇਰਸ ਦੇ ਔਸਤਨ ਛੇ ਫੀਸਦ ਮਾਮਲਿਆਂ ਦਾ ਪਤਾ ਲਾਉਣ ਦੇ ਯੋਗ ਹੋਏ ਹਨ। ਡਾਈਚੇ ਵੇਲੇ ਮੁਤਾਬਕ ਇਨ੍ਹਾਂ ਦਾ ਦਾਅਵਾ ਹੈ ਕਿ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਅਸਲ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ ਤੇ ਇਹ ਲੱਖਾਂ ਤੋਂ ਕਰੋੜਾਂ ‘ਚ ਹੋ ਸਕਦੀ ਹੈ।
ਇਸ ਰਿਸਰਚ ਪੇਪਰ ਨੂੰ ਤਿਆਰ ਕਰਨ ਲਈ ਖੋਜਕਰਤਾਵਾਂ ਨੇ ਹੁਣ ਤੱਕ ਕੋਰੋਨਾਵਾਇਰਸ ਸੰਕਰਮਣ ਦੀ ਸ਼ੁਰੂਆਤ ਤੋਂ ਹੋਈਆਂ ਮੌਤਾਂ ਦੇ ਅੰਕੜਿਆਂ ਨੂੰ ਇਕੱਤਰ ਕੀਤਾ ਹੈ ਤੇ ਵਿਸ਼ਲੇਸ਼ਣ ਕੀਤਾ। ਇਹ ਅੰਕੜੇ ਵੀ ਇਸ ਰਿਪੋਰਟ ਦਾ ਅਧਾਰ ਬਣੇ ਹਨ। ਇਸ ਰਿਪੋਰਟ ਦੇ ਨਤੀਜਿਆਂ ਵਜੋਂ ਪ੍ਰੋਫੈਸਰ ਫੋਲਮਰ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਸਰਕਾਰਾਂ ਤੇ ਨੀਤੀ ਨਿਰਮਾਤਾਵਾਂ ਨੂੰ ਕੇਸਾਂ ਦੀ ਗਿਣਤੀ ਦੇ ਅਧਾਰ ‘ਤੇ ਯੋਜਨਾਬੰਦੀ ਕਰਨ ਵੇਲੇ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ।
ਰਿਸਰਚ ਪੇਪਰ ‘ਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਸਹੀ ਗਿਣਤੀ ਦਾ ਪਤਾ ਲਾਉਣ ਲਈ, ਸੰਕਰਮਿਤ ਵਿਅਕਤੀਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਸਾਰਿਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇ ਅਸੀਂ ਅਜਿਹਾ ਕਰਨ ‘ਚ ਅਸਫਲ ਰਹਿੰਦੇ ਹਾਂ ਤੇ ਇਹ ਵਾਇਰਸ ਲੰਬੇ ਸਮੇਂ ਲਈ ਇੱਕ ਵਿਅਕਤੀ ਦੇ ਸਰੀਰ ‘ਚ ਛੁਪਿਆ ਰਹਿੰਦਾ ਹੈ ਤੇ ਆਉਣ ਵਾਲੇ ਸਮੇਂ ‘ਚ ਇਹ ਦੁਬਾਰਾ ਦੁਨੀਆ ਨੂੰ ਮੁਸੀਬਤ ਵਿਚ ਪਾ ਸਕਦਾ ਹੈ।
ਇਸ ਦੇ ਕਾਰਨ ਵਿਸ਼ਵ ਭਰ ਵਿੱਚ ਇੱਕ ਵੱਡਾ ਫਰਕ ਦੇਖਿਆ ਜਾ ਰਿਹਾ ਹੈ। ਬੋਮਰ ਤੇ ਫਾਲਮਰ ਦਾ ਅਨੁਮਾਨ ਹੈ ਕਿ 31 ਮਾਰਚ 2020 ਤਕ ਜਰਮਨੀ ‘ਚ ਅਸਲ ‘ਚ ਕੋਰੋਨਾਵਾਇਰਸ ਦੇ ਲਗਪਗ 4,60,000 ਕੇਸ ਹੋਏ ਸੀ। ਇਸ ਅਨੁਸਾਰ ਇਨ੍ਹਾਂ ਖੋਜਕਰਤਾਵਾਂ ਨੇ 31 ਮਾਰਚ ਤੱਕ ਅਮਰੀਕਾ ਵਿੱਚ ਸੰਕਰਮਿਤ ਵਿਅਕਤੀਆਂ ਦੀ ਗਿਣਤੀ ਇੱਕ ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਲਾਇਆ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਜੌਨ ਹੋਪਿੰਗਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ 9 ਅਪ੍ਰੈਲ, 2020 ਤੱਕ, ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਦੇ 15 ਲੱਖ ਤੋਂ ਵੱਧ ਮਾਮਲੇ ਅਧਿਕਾਰਤ ਤੌਰ ‘ਤੇ ਦਰਜ ਕੀਤੇ ਗਏ ਹਨ।
(ਸ੍ਰੋਤ-ਕੌਮਾਂਤਰੀ ਮੀਡੀਆ ਰਿਪੋਰਟਾਂ)
ਵੱਡਾ ਖੁਲਾਸਾ! ਦੁਨੀਆ 'ਚ ਲੱਖਾਂ ਨਹੀਂ ਕਰੋੜਾਂ ਕੋਰੋਨਾਵਾਇਰਸ ਦੇ ਮਰੀਜ਼, ਜਾਣੋ ਅੰਕੜਿਆਂ ਦਾ ਸੱਚ
ਮਨਵੀਰ ਕੌਰ ਰੰਧਾਵਾ
Updated at:
10 Apr 2020 02:04 PM (IST)
ਕੋਰੋਨਾਵਾਇਰਸ ਦੀ ਤੇਜ਼ ਰਫਤਾਰ ਨੂੰ ਦੇਖਦੇ ਹੋਏ ਉਸ ਤੋਂ ਛੁਟਕਾਰੇ ਦੀ ਉਮੀਦ ਧੁੰਦਲੀ ਹੁੰਦੀ ਜਾ ਰਹੀ ਹੈ। ਇਹ ਇਸ ਲਈ ਵੀ ਹੈ ਕਿਉਂਕਿ ਇਸ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ ਦਾ ਅੰਕੜਾ ਲੱਖ ਤੱਕ ਪਹੁੰਚਦਾ ਨਜ਼ਰ ਆ ਰਿਹਾ ਹੈ।
- - - - - - - - - Advertisement - - - - - - - - -