ਕੁਆਰੇਪਣ ਦੇ ਟੈਸਟ ’ਚੋਂ ਫ਼ੇਲ੍ਹ ਹੋਣ ’ਤੇ ਦੋ ਭੈਣਾਂ ਨੂੰ ਪੰਚਾਇਤ ਨੇ ਜਾਰੀ ਕਰ ਦਿੱਤਾ ਇਹ ਫ਼ਰਮਾਨ
ਮਹਾਰਾਸ਼ਟਰ ’ਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੋ ਭੈਣਾਂ ਨੂੰ ਵਿਆਹ ਦੇ ਤੁਰੰਤ ਬਾਅਦ ਕੁਆਰੇਪਣ ਦਾ ਟੈਸਟ (Virginity Test) ਕਰਵਾਉਣ ਲਈ ਮਜਬੂਰ ਕੀਤਾ ਗਿਆ ਤੇ ਫਿਰ ਫ਼ੇਲ੍ਹ ਹੋਣ ’ਤੇ ‘ਜਾਤ ਪੰਚਾਇਤ’ ਨੇ ਉਨ੍ਹਾਂ ਦੇ ਪਤੀਆਂ ਨੂੰ ਉਨ੍ਹਾਂ ਨੂੰ ਤਲਾਕ ਦੇਣ ਦਾ ਫ਼ਰਮਾਨ ਜਾਰੀ ਕਰ ਦਿੱਤਾ।
ਕੋਲਹਾਪੁਰ (ਮਹਾਰਾਸ਼ਟਰ): ਮਹਾਰਾਸ਼ਟਰ ’ਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੋ ਭੈਣਾਂ ਨੂੰ ਵਿਆਹ ਦੇ ਤੁਰੰਤ ਬਾਅਦ ਕੁਆਰੇਪਣ ਦਾ ਟੈਸਟ (Virginity Test) ਕਰਵਾਉਣ ਲਈ ਮਜਬੂਰ ਕੀਤਾ ਗਿਆ ਤੇ ਫਿਰ ਫ਼ੇਲ੍ਹ ਹੋਣ ’ਤੇ ‘ਜਾਤ ਪੰਚਾਇਤ’ ਨੇ ਉਨ੍ਹਾਂ ਦੇ ਪਤੀਆਂ ਨੂੰ ਉਨ੍ਹਾਂ ਨੂੰ ਤਲਾਕ ਦੇਣ ਦਾ ਫ਼ਰਮਾਨ ਜਾਰੀ ਕਰ ਦਿੱਤਾ। ਕੋਲਹਾਪੁਰ ਪੁਲਿਸ ਨੇ ਭੈਣਾਂ ਦੀ ਸ਼ਿਕਾਇਤ ’ਤੇ ਦੋਵਾਂ ਦੇ ਪਤੀਆਂ, ਸੱਸਾਂ ਤੇ ਪੰਚਾਇਤ ਦੇ ਕੁਝ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸੇ ਹਫ਼ਤੇ ਇਸ ਮਾਮਲੇ ਨੂੰ ਲੈ ਕੇ ਐਫ਼ਆਈਆਰ ਦਰਜ ਕੀਤੀ ਗਈ ਸੀ।
ਦੋਵੇਂ ਭੈਣਾਂ ਕੰਜਾਰਭਾਟੇ ਭਾਈਚਾਰੇ ’ਚੋਂ ਹਨ। ਉਨ੍ਹਾਂ ਨੂੰ ਇਸੇ ਭਾਈਚਾਰੇ ਦੇ ਹੀ ਦੋ ਭਰਾਵਾਂ ਨੇ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਇਨ੍ਹਾਂ ਵਿੱਚੋਂ ਇੱਕ ਭਰਾ ਆਰਮੀ ’ਚ ਕੰਮ ਕਰਦਾ ਹੈ; ਜਦ ਕਿ ਦੂਜਾ ਇੱਕ ਪ੍ਰਾਈਵੇਟ ਕੰਪਨੀ ’ਚ ਨਿਯੁਕਤ ਹੈ।
27 ਨਵੰਬਰ, 2020 ਨੂੰ ਦੋਵਾਂ ਦਾ ਵਿਆਹ ਕੋਹਲਾਪੁਰ ’ਚ ਹੋਇਆ ਸੀ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਲਾੜੀਆਂ ਨੂੰ ਵੱਖੋ-ਵੱਖਰੇ ਕਮਰਿਆਂ ’ਚ ਲਿਜਾਂਦਾ ਗਿਆ ਤੇ ਉੱਥੇ ਉਨ੍ਹਾਂ ਦੇ ਕੁਆਰੇ ਹੋਣ ਦੇ ਟੈਸਟ ਕੀਤੇ ਗਏ। ਕਿਹਾ ਜਾਂਦਾ ਹੈ ਕਿ ਇਸ ਭਾਈਚਾਰੇ ਵਿੱਚ ਅਜਿਹਾ ਕਰਨ ਦੀ ਰਵਾਇਤ ਰਹੀ ਹੈ। ਦੱਸ ਦੇਈਏ ਕਿ ਇਹ ਟੈਸਟ ਇਹ ਪਤਾ ਲਾਉਣ ਲਈ ਕੀਤਾ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਕਿਸੇ ਔਰਤ ਨੇ ਸੈਕਸ ਕੀਤਾ ਹੈ ਜਾਂ ਨਹੀਂ।
ਇੱਕ ਭੈਣ ਨੇ ਆਪਣੇ ਬਿਆਨ ’ਚ ਕਿਹਾ ਕਿ ਉਨ੍ਹਾਂ ਉੱਤੇ ਦੂਜੇ ਲੜਕੇ ਨਾਲ ਸਬੰਧ ਰੱਖਣ ਦਾ ਦੋਸ਼ ਲਾਇਆ ਗਿਆ ਸੀ; ਜਦਕਿ ਉਸ ਦੀ ਭੈਣ ਨੂੰ ਉਸ ਦੇ ਪਤੀ ਨੇ ਵਰਜਨਿਟੀ ਟੈਸਟ ਲਈ ਮਨਾ ਲਿਆ ਸੀ। ਬੀਤੀ 29 ਨਵੰਬਰ ਨੂੰ ਉਨ੍ਹਾਂ ਦੇ ਪਤੀ ਤੇ ਸੱਸ ਨੇ ਘਰ ਬਣਾਉਣ ਲਈ ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ। ਨਾਲ ਹੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇ ਉਨ੍ਹਾਂ ਅਜਿਹਾ ਨਾ ਕੀਤਾ, ਤਾਂ ਫਿਰ ਉਨ੍ਹਾਂ ਤੋਂ ਸਾਰੇ ਰਿਸ਼ਤੇ ਤੋੜ ਲਏ ਜਾਣਗੇ। ਦੋਵੇਂ ਭੈਣਾਂ ਨੇ ਕੁੱਟਮਾਰ ਦੇ ਦੋਸ਼ ਵੀ ਲਾਏ।
ਬਾਅਦ ’ਚ ਦੋਵੇਂ ਭੈਣਾਂ ਨੂੰ ਘਰ ’ਚੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਜਾਤ–ਪੰਚਾਇਤ ਤੋਂ ਮਦਦ ਮੰਗੀ। ਐੱਫ਼ਆਈਆਰ ’ਚ ਕਿਹਾ ਗਿਆ ਹੈ ਕਿ ਪੰਚਾਇਤ ਦੇ ਇੱਕ ਮੈਂਬਰ ਨੇ ਉਨ੍ਹਾਂ ਨੂੰ ਮਾਮਲਾ ਸੁਲਝਾਉਣ ਲਈ 40,000 ਰੁਪਏ ਮੰਗੇ। ਇਸ ਤੋਂ ਬਾਅਦ ਫ਼ਰਵਰੀ 2021 ’ਚ ਮੰਦਰ ਦੇ ਬਾਹਰ ਜਾਤ ਪੰਚਾਇਤ ਰੱਖੀ ਗਈ।
ਉਸ ਪੰਚਾਇਤ ਵਿੱਚ ਵਿਆਹ ਨੂੰ ਖ਼ਤਮ ਕਰਨ ਤੇ ਤਲਾਕ ਦੇਣ ਦਾ ਫ਼ਰਮਾਨ ਸੁਣਾਇਆ ਗਿਆ। ਇਸ ਤੋਂ ਇਲਾਵਾ ਦੋਵੇਂ ਭੈਣਾਂ ਦਾ ਸਮਾਜਕ ਬਾਈਕਾਟ ਕਰਨ ਦਾ ਫ਼ੈਸਲਾ ਸੁਣਾਇਆ ਗਿਆ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।