ਨਵੀਂ ਦਿੱਲੀ: ਪਾਕਿਸਤਾਨ ’ਚ ਇਸ ਵੇਲੇ ਇਮਰਾਨ ਖ਼ਾਨ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਪਾਕਿਸਤਾਨ ਦੀ ਸੱਤਾ ਤੋਂ ਇਮਰਾਨ ਖ਼ਾਨ ਨੂੰ ਲਾਂਭੇ ਕਰਨ ਲਈ 11 ਪਾਰਟੀਆਂ ਇੱਕਜੁਟ ਹੋ ਗਈਆਂ ਹਨ। ਐਤਵਾਰ ਨੂੰ ਕਰਾਚੀ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਿਰੁੱਧ ਵੱਡਾ ਜਨਤਕ ਇਕੱਠ ਜੁੜਿਆ। ਇਸ ਦੌਰਾਨ ਪੱਤਰਕਾਰ ਤੇ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ 'ਏਬੀਪੀ ਨਿਊਜ਼' ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਇਮਰਾਨ ਖ਼ਾਨ ਨੂੰ ‘ਕਠਪੁਤਲੀ’ ਦੱਸਦਿਆਂ ਕਿਹਾ ਕਿ ਹੁਣ ਇਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਮਰਾਨ ਖ਼ਾਨ ‘ਫ਼ੌਜ ਦੇ ਬੁਲਾਰੇ’

ਰੇਹਮ ਖ਼ਾਨ ਨੇ ਕਿਹਾ ਕਿ ਜਿਹੜੇ ਲੋਕ ਵੀ ਕਠਪੁਤਲੀ ਨੂੰ ਚੁਣਦੇ ਹਨ, ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੱਲ ਸਿਰਫ਼ 11 ਪਾਰਟੀਆਂ ਦੀ ਨਹੀਂ ਹੈ। ਉਹ ਸਾਰੇ ਲੋਕ ਜੋ ਲੋਕਤੰਤਰ ਚਾਹੁੰਦੇ ਹਨ, ਇਹ ਉਨ੍ਹਾਂ ਦਾ ਵਿਰੋਧ ਹੈ, ਜੋ ਕੱਲ੍ਹ ਰਾਤੀਂ ਕਰਾਚੀ ’ਚ ਵੇਖਣ ਨੂੰ ਮਿਲਿਆ ਹੈ। ਪਾਕਿਸਤਾਨ ਦਾ ਸਮੁੱਚਾ ਅਵਾਮ ਉਨ੍ਹਾਂ ਦੇ ਵਿਰੁੱਧ। ਇਮਰਾਨ ਖ਼ਾਨ ਫ਼ੌਜ ਦੇ ਬੁਲਾਰੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਵਿੱਚ ਵੋਟਾਂ ਸ਼ਰੇਆਮ ਚੋਰੀ ਹੋਈਆਂ ਸਨ। ਅਜਿਹੇ ਹਾਲਾਤ ਵਿੱਚ ਇਮਰਾਨ ਖ਼ਾਨ ਦੀ ਸਰਕਾਰ ਨੂੰ ਸੰਸਦ ਵਿੱਚ ਬੈਠਣ ਹੀ ਨਹੀਂ ਦਿੱਤਾ ਜਾਦਾ ਚਾਹੀਦਾ ਸੀ। ਕਰਾਚੀ ਦੀ ਰੈਲੀ ਆਮ ਲੋਕਾਂ ਦੇ ਦਬਾਅ ਦਾ ਨਤੀਜਾ ਹੈ ਤੇ ਇਸ ਲਈ ਵਿਰੋਧੀ ਪਾਰਟੀਆਂ ਨੂੰ ਇੱਕਜੁਟ ਹੋਣਾ ਪਿਆ ਹੈ।

ਅੱਗਾ ਦੌੜ, ਪਿੱਛਾ ਚੌੜ! ਕੈਪਟਨ ਸਰਕਾਰ ਕੋਲੋਂ ਅਜੇ ਤੱਕ ਨਹੀਂ ਤਿਆਰ ਹੋਇਆ ਬਿੱਲ

ਇਸ ਦਬਾਅ ਦਾ ਨਤੀਜਾ ਕੀ ਹੋਵੇਗਾ?

ਰੇਹਮ ਖ਼ਾਨ ਨੇ ਕਿਹਾ ਕਿ ਇਮਰਾਨ ਖ਼ਾਨ ਅਜਿਹੇ ਖਿਡਾਰੀ ਹਨ, ਜੋ ਕਦੇ ਪ੍ਰੈਸ਼ਰ ਲੈ ਹੀ ਨਹੀਂ ਸਕਦੇ। ਮੇਰਾ ਤਾਂ ਅਨੁਮਾਨ ਸੀ ਕਿ ਦਸੰਬਰ ਤੱਕ ਕੁਝ ਹੋਵੇਗਾ ਪਰ ਹਾਲੇ ਤੋਂ ਹੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਨਿਸ਼ਾਨਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਹਨ ਕਿਉਂਕਿ ਪਾਕਿਸਤਾਨ ’ਚ ਤਾਂ ਕੋਈ ਪ੍ਰਧਾਨ ਮੰਤਰੀ ਹੈ ਹੀ ਨਹੀਂ। ਨਿਸ਼ਾਨਾ ਸਿਲੈਕਟਰਜ਼ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਨਿਸ਼ਾਨਾ ਜਨਰਲ ਕਮਰ ਬਾਜਵਾ ਹਨ। ਫ਼ੌਜ ਦੇ ਅੰਦਰ ਵੀ ਦਬਾਅ ਬਣਿਆ ਹੋਇਆ ਹੈ ਕਿ ਕਮਰ ਬਾਜਵਾ ਹੁਣ ਲਾਂਭੇ ਹੋਣ।

ਤੁਹਾਨੂੰ ਯਾਦ ਹੋਵੇਗਾ ਕਿ ਅਕਤੂਬਰ 2015 ’ਚ ਰੇਹਮ ਖ਼ਾਨ ਤੇ ਇਮਰਾਨ ਖ਼ਾਨ ਦਾ ਤਲਾਕ ਹੋ ਗਿਆ ਸੀ। ਰੇਹਮ ਖ਼ਾਨ ਪਾਕਿਸਤਾਨ ਮੂਲ ਦੀ ਬ੍ਰਿਟਿਸ਼ ਨਾਗਰਿਕ ਹਨ। ਸਾਲ 2018 ਦੀਆਂ ਚੋਣਾਂ ਤੋਂ ਪਹਿਲਾਂ ਇਮਰਾਨ ਖ਼ਾਨ ਬਾਰੇ ਉਨ੍ਹਾਂ ਆਪਣੀ ਕਿਤਾਬ ਵਿੱਚ ਕਈ ਇੰਕਸ਼ਾਫ਼ ਕੀਤੇ ਸਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ