ਪਾਰਕ 'ਚ ਬੈਠੀ ਲੜਕੀ ਨੂੰ ਕੁੱਟਣਾ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਪਿਆ ਮਹਿੰਗਾ, ਦੋਵਾਂ ਦਾ ਕੀਤਾ ਤਬਾਦਲਾ
Punjab News: ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਬਟਾਲਾ ਦੇ ਇੱਕ ਪਾਰਕ ’ਚ ਇੱਕ ਲੜਕੀ, ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਦੀ ਵਿਖਾਈ ਦੇ ਰਹੀ ਹੈ ਤੇ ਬਹਿਸ ਮਗਰੋਂ ਮਹਿਲਾ ਪੁਲਿਸ ਕਰਮਚਾਰੀ ਉਕਤ ਲੜਕੀ ਨੂੰ ਥੱਪੜ ਮਾਰਦੀ ਵਿਖਾਈ ਦਿੰਦੀ ਹੈ।
Punjab News: ਪਾਰਕ ਵਿੱਚ ਬੈਠੀ ਲੜਕੀ ਨੂੰ ਕੁੱਟਣਾ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਮਹਿੰਗਾ ਪਿਆ ਹੈ। ਬਟਾਲਾ ਵਿੱਚ ਪੀਸੀਆਰ ਡਿਊਟੀ ’ਤੇ ਤਾਇਨਾਤ ਦੋਵੇਂ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਪੁਲਿਸ ਮੁਲਾਜਮਾਂ ਵੱਲੋਂ ਇੱਕ ਪਾਰਕ ਵਿੱਚ ਬੈਠੀ ਲੜਕੀ ਦੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਉੱਚ ਅਧਿਕਾਰੀਆਂ ਨੇ ਉਕਤ ਦੋਵੇਂ ਪੁਲਿਸ ਮੁਲਜ਼ਮਾਂ ਦਾ ਤਬਾਦਲਾ ਕਰ ਦਿੱਤਾ ਹੈ।
ਹਾਸਲ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਬਟਾਲਾ ਦੇ ਇੱਕ ਪਾਰਕ ’ਚ ਇੱਕ ਲੜਕੀ, ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਦੀ ਵਿਖਾਈ ਦੇ ਰਹੀ ਹੈ ਤੇ ਬਹਿਸ ਮਗਰੋਂ ਮਹਿਲਾ ਪੁਲਿਸ ਕਰਮਚਾਰੀ ਉਕਤ ਲੜਕੀ ਨੂੰ ਥੱਪੜ ਮਾਰਦੀ ਵਿਖਾਈ ਦਿੰਦੀ ਹੈ।
ਇਸ ਸਬੰਧ ਵਿੱਚ ਉਕਤ ਮਹਿਲਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਕੂਲਾਂ, ਕਾਲਜਾਂ ਤੇ ਪਾਰਕਾਂ ’ਤੇ ਉਨ੍ਹਾਂ ਦੀ ਪੀਸੀਆਰ ਡਿਊਟੀ ਲੱਗੀ ਹੈ ਤਾਂ ਜੋ ਸ਼ਹਿਰ ਦਾ ਮਾਹੌਲ ਠੀਕ-ਠਾਕ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਕਤ ਪਾਰਕ ਨੇੜਲੇ ਆਈਲੈਟਸ ਸੈਂਟਰਾਂ ਤੋਂ ਕਈ ਪ੍ਰੇਮੀ ਜੋੜੀ ਇੱਥੇ ਆ ਕੇ ਬੈਠਦੇ ਹਨ, ਜਿਨ੍ਹਾਂ ਕਰਕੇ ਆਲੇ-ਦੁਆਲੇ ਦਾ ਮਾਹੌਲ ਖ਼ਰਾਬ ਹੁੰਦਾ ਹੈ।
ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਦੀ ਕਾਫੀ ਅਲੋਚਨਾ ਹੋ ਰਹੀ ਸੀ। ਇਸ ਸਬੰਧੀ ਪੀਸੀਆਰ ਬਟਾਲਾ ਦੇ ਇੰਚਾਰਜ ਸਬ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਦੋਵੇਂ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਬਦਲੀ ਪੁਲਿਸ ਲਾਈਨ ਵਿੱਚ ਕਰ ਦਿੱਤੀ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :