ਪੰਜਾਬ ਕੈਬਨਿਟ ਦੀ ਮੀਟਿੰਗ 'ਚ ਹੋਣਗੇ ਅਹਿਮ ਫੈਸਲੇ, ਚੋਣਾਂ ਤੋਂ ਪਹਿਲਾਂ ਚੰਨੀ ਸਰਕਾਰ ਚੁੱਕੇਗੀ ਵੱਡੇ ਕਦਮ
ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ ਕਿਉਂਕਿ ਇਹ ਮੀਟਿੰਗ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਹੋ ਰਹੀ ਹੈ।
ਚੰਡੀਗੜ੍ਹ: ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ ਕਿਉਂਕਿ ਇਹ ਮੀਟਿੰਗ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਹੋ ਰਹੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੋਣਾਂ ਤੋਂ ਪਹਿਲਾਂ 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਸ ਸੈਸ਼ਨ ਵਿੱਚ ਖੇਤੀ ਕਾਨੂੰਨਾਂ ਤੇ ਸਰਹੱਦ ਉੱਪਰ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਬਾਰੇ ਵੱਡਾ ਪੰਜਾਬ ਸਰਕਾਰ ਵੱਡਾ ਕਦਮ ਚੁੱਕ ਸਕਦੀ ਹੈ।
ਇਸ ਲਈ ਅੱਜ ਦੀ ਮੀਟਿੰਗ ਬੇਹੱਦ ਅਹਿਮ ਹੈ। ਚੋਣਾਂ ਨੂੰ ਵੇਖਦਿਆਂ ਕੈਬਨਿਟ ਵਿੱਚ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲੇ ਲਏ ਜਾਣਗੇ। ਕੈਬਨਿਟ ਮੀਟਿੰਗ ਵਿੱਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕੀਤੇ ਜਾਣ ਅਤੇ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਨੂੰ ਲੈ ਕੇ ਕੇਂਦਰੀ ਫੈਸਲੇ ਦੇ ਵਿਰੋਧ ਵਿੱਚ ਮਤੇ ਲਿਆਉਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਸਭ ਤੋਂ ਵੱਡਾ ਫੈਸਲਾ ਤੇਲ ਕੀਮਤਾਂ ’ਚ ਕਟੌਤੀ ਸਬੰਧੀ ਹੋ ਸਕਦਾ ਹੈ ਕਿਉਂਕਿ ਗੁਆਂਢੀ ਸੂਬਿਆਂ ਨੇ ਇਸ ਪਾਸੇ ਪਹਿਲਕਦਮੀ ਕਰ ਦਿੱਤੀ ਹੈ। ਬਿਜਲੀ ਸਮਝੌਤਿਆਂ ਤੇ ਇਨ੍ਹਾਂ ਬਾਰੇ ਵਾਈਟ ਪੇਪਰ ਲਿਆਏ ਜਾਣ ਨੂੰ ਵੀ ਹਰੀ ਝੰਡੀ ਮਿਲਣ ਦਾ ਅਨੁਮਾਨ ਹੈ। ਮੁੱਖ ਮੰਤਰੀ ਚਰਨਜੀਤ ਚੰਨੀ, ਬਿਜਲੀ ਸਮਝੌਤਿਆਂ ਤੇ ਮਹਿੰਗੀ ਬਿਜਲੀ ਬਾਰੇ ਵਾਈਟ ਪੇਪਰ ਲਿਆਉਣ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਚੁੱਕੇ ਹਨ। ਕੈਬਨਿਟ ਮੀਟਿੰਗ ਵਿੱਚ ‘ਬਾਗਬਾਨੀ ਨਰਸਰੀ ਬਿੱਲ’ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ।
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਆਪਣੇ ਅਲਾਟੀਆਂ ਨੂੰ ਵਾਧੇ ਦੀ ਰਕਮ ’ਤੇ ਲਈ ਜਾਂਦੀ ਵਿਆਜ ਦਰ ਵਿੱਚ ਕਟੌਤੀ ਕਰਨ ਦਾ ਫੈਸਲਾ ਵੀ ਹੋਣ ਦੀ ਸੰਭਾਵਨਾ ਹੈ। ਵਿਆਜ ਦਰ 50 ਫੀਸਦੀ ਕਟੌਤੀ ਕੀਤੇ ਜਾਣ ਦਾ ਵਿਚਾਰ ਹੈ। ਲੋਕ ਨਿਰਮਾਣ ਵਿਭਾਗ ਦੇ ਠੇਕੇਦਾਰਾਂ ਵੱਲੋਂ ਉਠਾਏ ਜਾਂਦੇ ਮੁੱਦਿਆਂ ਤੇ ਮੰਗਾਂ ਨੂੰ ਵੀ ਮੀਟਿੰਗ ਵਿੱਚ ਵਿਚਾਰੇ ਜਾਣ ਦੀ ਸੰਭਾਵਨਾ ਹੈ।