ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਕਾਂਗਰਸੀ ਲੀਡਰਾਂ ਨੂੰ ਪੁਲਿਸ ਨੇ ਕਾਂਗਰਸ ਦਫਤਰ ਦੇ ਸਾਹਮਣੇ ਹੀ ਰੋਕ ਲਿਆ। ਪੁਲਿਸ ਦੀ ਬੈਰੀਕੇਡਿੰਗ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਨੇ ਵਾਟਰ ਕੈਨਨ ਚਲਾਇਆ। ਇੱਥੇ ਪਾਣੀ ਦੀਆਂ ਬੌਛਾੜਾਂ ਦੇ ਨਾਲ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਇਹ ਪ੍ਰਦਰਸ਼ਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ 'ਚ ਕੀਤਾ ਗਿਆ।
ਇੱਥੇ ਪ੍ਰਦਰਸ਼ਨ ਕਰ ਰਹੇ ਯੂਥ ਪ੍ਰਧਾਨ ਲਾਲੀ ਸਮੇਤ ਕਈ ਕਾਂਗਰਸ ਲੀਡਰਾਂ ਤੇ ਵਰਕਰਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦਰਅਸਲ ਕਾਂਗਰਸ ਦਾ ਇਹ ਪ੍ਰਦਰਸ਼ਨ ਐਸ.ਸੀ. ਵਿਦਿਆਰਥੀਆਂ ਦੀ ਸਕਾਲਰਸ਼ਿਪ 'ਚ ਘਪਲੇ ਦੇ ਇਲਜ਼ਾਮਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ।
ਪੰਜਾਬ 'ਚ ਵਿਧਾਨ ਸਭਾ ਚੋਣਾਂ 2017 'ਚ ਹੋਣ ਜਾ ਰਹੀਆਂ ਹਨ। ਮਹਿਜ਼ ਕੁਝ ਮਹੀਨੇ ਪਿੱਛੇ ਬਚੇ ਹਨ। ਅਜਿਹੇ 'ਚ 10 ਸਾਲ ਤੋਂ ਸੱਤਾ 'ਚ ਬੈਠੀ ਅਕਾਲੀ ਦਲ ਨੂੰ ਬਾਹਰ ਕਰਨ ਲਈ ਵਿਰੋਧੀ ਧਿਰਾਂ ਪੱਬਾਂ ਭਾਰ ਹਨ। ਕਾਂਗਰਸ ਪਾਰਟੀ ਅਕਾਲੀ ਦਲ ਨੂੰ ਘੇਰਨ ਲਈ ਕੋਈ ਮੌਕਾ ਨਹੀਂ ਜਾਣ ਦੇਣਾ ਚਾਹੁੰਦੀ।