ਚੰਡੀਗੜ੍ਹ: ਅੱਜ ਮੋਰਚਾ ਗੁਰੂ ਕਾ ਬਾਗ ਦੀ ਯਾਦ ਦਾ ਇਤਿਹਾਸਕ ਦਿਨ ਹੈ। ਇਸੇ ਦਿਨ SGPC ਵੱਲੋਂ ਸੰਗਤ ਨੂੰ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੁੱਧ ਡਟਣ ਦੀ ਅਪੀਲ ਕੀਤੀ ਗਈ ਸੀ। ਸਿੱਖ ਇਤਿਹਾਸ ਦੇ ਇਸ ਪ੍ਰਮੁੱਖ ਦਿਨ ਤੇ ਸਮਾਗਮ ਕਰਵਾਏ ਜਾਂਦੇ ਹਨ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਦਿਨ ਦੀ ਯਾਦਗਾਰ ਨੂੰ ਲੈ ਕੇ ਹਰ ਸਾਲ ਸਮਾਗਮ ਕਰਵਾਏ ਜਾਂਗੇ ਹਨ। ਗੁਰੂ ਕੇ ਬਾਗ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਸੀ।
ਗੁਰਦੁਆਰਾ ਗੁਰੂ ਕਾ ਬਾਗ ਪੰਜਵੇਂ ਤੇ ਨੌਵੇਂ ਗੁਰੂ ਸਾਹਿਬਾਨਾਂ ਦੀ ਪਵਿੱਤਰ ਯਾਦ 'ਚ ਅੰਮ੍ਰਿਤਸਰ ਤੋਂ ਕੁਝ ਕੁ ਮੀਲ ਦੀ ਦੂਰੀ 'ਤੇ ਸਥਾਪਿਤ ਹੈ। ਇਨਾਂ ਗੁਰ ਅਸਥਾਨਾਂ ਦੇ ਨਾਂ ਤੇ ਕਾਫੀ ਜ਼ਮੀਨ ਸੀ ਜੋ ਮਹੰਤ ਸੁੰਦਰ ਦਾਸ ਦੇ ਕਬਜ਼ੇ ਹੇਠ ਸੀ। ਮਹੰਤ ਸੁੰਦਰ ਦਾਸ ਦੀਆਂ ਅੱਯਾਸ਼ੀਆਂ ਕਰਕੇ ਸਿੱਖ ਸੰਗਤ ਉਸ ਨੂੰ ਲਗਾਮ ਪਾਉਣ ਲਈ ਆਤੁਰ ਸੀ। ਮਹੰਤ ਨੂੰ ਮਨਮੁਖੀ ਰੁਚੀਆਂ ਛੱਡ ਕੇ ਗੁਰਮੁਖੀ ਧਾਰਨ ਕਰਨ ਵੱਲ ਪ੍ਰੇਰਨ ਤੋਂ ਬਾਅਦ ਭਾਵੇਂ ਦਿਖਾਵੇ ਮਾਤਰ ਉਸ ਨੇ ਅੰਮ੍ਰਿਤ ਧਾਰਨ ਕਰਕੇ ਆਪਣਾ ਨਾਂ ਜੋਗਿੰਦਰ ਸਿੰਘ ਧਰ ਲਿਆ ਸੀ। ਪਰ ਅੰਦਰੋਂ ਹਾਲੇ ਵੀ ਨਹੀਂ ਸੀ ਜੁੜਿਆ। ਸਿੱਖ ਕੌਮ ਨਾਲ ਗੱਦਾਰੀ ਕਰ ਉਹ ਅੰਗਰੇਜ਼ਾਂ ਨਾਲ ਜਾ ਮਿਲਿਆ ਤੇ ਇੱਕ ਦਿਨ ਗੁਰੂ ਕੇ ਬਾਗ ਦੀ ਜ਼ਮੀਨ 'ਚੋਂ ਲੰਗਰ ਲਈ ਲੱਕੜਾਂ ਵੱਢਣ ਗਏ 5 ਸਿੰਘਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜੁਰਮਾਨੇ ਸਮੇਤ 6-6 ਮਹੀਨੇ ਦੀ ਸਜ਼ਾ ਸੁਣਾਈ ਗਈ। ਜਿਸਤੋਂ ਬਾਅਦ ਮੋਰਚਾ ਸ਼ੁਰੂ ਹੋਇਆ।
ਅੰਮ੍ਰਿਤਸਰ ਦੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ SGPC ਵੱਲੋਂ ਸੰਗਤ ਨੂੰ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੁੱਧ ਡਟਣ ਦੀ ਅਪੀਲ ਕੀਤੀ ਗਈ। 31 ਅਗਸਤ 1922 ਨੂੰ 200 ਸਿੱਖਾਂ ਦਾ ਜਥਾ ਅੰਮ੍ਰਿਤਸਰ ਤੋਂ ਚੱਲਕੇ ਗੁਰੂ ਕਾ ਬਾਗ ਪਹੁੰਚਿਆ ਜਿੰਨਾਂ ਨੂੰ ਰਾਹ ਟਚ ਹੀ ਰੋਕ ਕੇ ਪੁਲਿਸ ਨੇ ਕੁੱਟਮਾਰ ਕਰਕੇ ਬੇਤਹਾਸ਼ਾ ਜ਼ੁਲਮ ਕੀਤਾ। ਇਸ ਤਰਾਂ ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ 100-100 ਦੀ ਗਿਣਤੀ ਟਚ ਸਿੱਖਾਂ ਦੇ ਜਥੇ ਜਾਂਦੇ ਤੇ ਤਤਕਾਲੀ ਡੀਸੀ ਮਿ. ਬੀ.ਟੀ. ਦੀ ਅਗਵਾਈ 'ਚ ਪੁਲਿਸ ਗੁਰੂ ਕਾ ਬਾਗ ਪਹੁੰਚਣ ਤੋਂ ਪਹਿਲਾਂ ਹੀ ਜਥਿਆਂ ਨਾਲ ਬੇਇੰਤਹਾ ਕੁੱਟਮਾਰ ਕਰਦੀ। ਇਹ ਸਿਲਸਿਲਾ ਲਗਾਤਾਰ ਚਲਦਾ ਰਿਹਾ।
ਪੂਰੇ ਦੇਸ਼ ਹੀ ਨਹੀਂ ਬਲਕਿ ਸਾਰੇ ਸੰਸਾਰ 'ਚ ਅੰਗਰੇਜ਼ ਸਰਕਾਰ ਦੇ ਵਹਿਸ਼ੀਆਨਾ ਤਸ਼ੱਦਦ ਦੇ ਚਰਚੇ ਛਿੜ ਪਏ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਵੱਡੀ ਗਿਣਤੀ 'ਚ ਗੁਰੂ ਕਾ ਬਾਗ ਪਹੁੰਚੇ। ਜਿਨਾਂ ਵਿੱਚ ਪਾਦਰੀ ਐਂਡਰਿਊਜ਼, ਪੰਡਤ ਮਦਨ ਮੋਹਨ ਮਾਲਵੀਆ, ਰੁਚੀ ਮਾਰ ਸਾਹਨੀ, ਅਜਮਲ ਖਾਂ ਤੇ ਸਰੋਜਨੀ ਨਾਇਡੂ ਵਿਸ਼ੇਸ਼ ਸਨ। ਪਾਦਰੀ ਐਂਡਰਿਊਜ਼ਆਪਣੀਆਂ ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਦੇਖ ਕੇ ਰੋ ਉੱਠਿਆ ਸੀ ਤੇ ਉਸਨੇ ਖੁਦ ਇਹ ਜ਼ੁਲਮ ਰੋਕਣ ਲਈ ਤਤਕਾਲੀ ਗਵਰਨਰ ਮੈਕਲੈਗਨ ਨਾਲ ਮੁਲਾਕਾਤ ਕੀਤੀ।
ਜਿਸਤੋਂ ਬਾਅਦ ਗਵਰਨਰ ਮੈਕਲੈਗਨ 13 ਸਤੰਬਰ ਨੂੰ ਖੁਦ ਗੁਰੂ ਕੇ ਬਾਗ ਪਹੁੰਚਿਆ। ਸਿੰਘਾਂ 'ਤੇ ਡਾਗਾਂ ਵਰਨੀਆਂ ਤਾਂ ਬੰਦ ਹੋ ਗਈਆਂ ਸਨ ਪਰ ਗ੍ਰਿਫਤਾਰੀਆਂ ਦਾ ਦੌਰ 17 ਨਵੰਬਰ 1922 ਤੱਕ ਜਾਰੀ ਰਿਹਾ। ਸਿੱਖਾਂ ਵੱਲੋਂ ਪੰਡਤ ਮਦਨ ਮੋਹਨ ਮਾਲਵੀਆ ਨੇ ਮੁਕੱਦਮਾ ਲੜਿਆ ਤੇ 14 ਮਾਰਚ 1923 ਨੂੰ ਸਾਰੇ ਪੰਥਕ ਆਗੂ ਜੇਲਾਂ ਤੋਂ ਰਿਹਾਅ ਹੋਏ ਤੇ ਗੁਰਦੁਆਰਾ ਗੁਰੂ ਕਾ ਬਾਗ ਮਹੰਤ ਦੇ ਕਬਜ਼ੇ 'ਚੋਂ ਆਜ਼ਾਦ ਹੋ ਕੇ SGPC ਦੇ ਪ੍ਰਬੰਧ ਹੇਠ ਆ ਗਿਆ ਤੇ ਗੁਰੂ ਕੇ ਬਾਗ ਦਾ ਮੋਰਚਾ ਸਫਲ ਹੋ ਗਿਆ।
ਇਸ ਮੋਰਚੇ 'ਚ 839 ਸਿੰਘ ਜ਼ਖਮੀ ਤੇ 5605 ਸਿੰਘ ਗ੍ਰਿਫਤਾਰ ਹੋਏ ਜਿਨਾਂ 'ਚੋਂ 35 SGPC ਮੈਂਬਰ ਤੇ 200 ਫੌਜੀ ਪੈਨਸ਼ਨੀਏ ਸਨ। ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਬਹੁਤ ਬਲ ਮਿਲਿਆ ਸੀ। ਗੁਰੂ ਕੇ ਬਾਗ ਦੇ ਸਿੰਘਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੰਡਤ ਮੇਲਾ ਰਾਮ ਵਫਾ ਨੇ ਕਿਹਾ ਸੀ:-
ਤਿਰੀ ਕੁਰਬਾਨੀਉਂ ਕੀ ਧੂਮ ਹੈ ਆਜ ਇਸ ਜ਼ਮਾਨੇ ਮੇਂ,
ਬਹਾਦਰ ਹੈ ਅਗਰ ਕੋਈ ਤੋ ਵਹੁ ਏਕ ਤੂ ਅਕਾਲੀ ਹੈ।