ਚੰਡੀਗੜ੍ਹ: ਨੋਟਬੰਦੀ ਦਾ ਅੱਜ 17ਵਾਂ ਦਿਨ ਹੈ। ਸਰਕਾਰ ਦਾ ਦਾਅਵਾ ਹੈ ਕਿ ਅੱਜ ਦੇਸ਼ ਦੇ 1 ਲੱਖ 10 ਹਜਾਰ ਕਰੀਬ 50 ਪ੍ਰਤੀਸ਼ਤ ਏਟੀਐਮ ਕੰਮ ਕਰਨ ਲੱਗੇ ਹਨ। ਪਰ ਆਖਰ ਸਰਕਾਰ ਦੇ ਇਸ ਦਾਅਵੇ 'ਚ ਕਿੰਨੀ ਕੁ ਸੱਚਾਈ ਹੈ। ਇਸ ਦੀ ਪੜਤਾਲ ਲਈ ਏਬੀਪੀ ਸਾਂਝਾ ਨੇ ਚੰਡੀਗੜ੍ਹ, ਮੋਹਾਲੀ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ ਦੇ ਏਟੀਐਮ ਦਾ ਜਾਇਜਾ ਲਿਆ।
ਏਬੀਪੀ ਸਾਂਝਾ ਨੇ ਚੰਡੀਗੜ ਦੇ ਕਰੀਬ 50 ਏਟੀਐਮ 'ਤੇ ਜਾ ਕੇ ਪੜਤਾਲ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਹਰ 10 ਮਗਰ ਸਿਰਫ 3 ਏਟੀਐਮ ਤੋਂ ਹੀ ਪੈਸੇ ਕੱਢੇ ਜਾ ਰਹੇ ਹਨ ਤੇ 7 ਏਟੀਐਮ ਪੂਰੀ ਤਰਾਂ ਖਾਲੀ ਹਨ। ਜਿਆਦਾਤਰ ਬੈਂਕਾਂ ਦੇ ਏਟੀਐਮ 'ਚ ਪੈਸਾ ਪਾਉਣ ਤੋਂ ਕੁੱਝ ਘੰਟੇ ਬਾਅਦ ਹੀ ਉਹ ਖਾਲੀ ਹੋ ਜਾਂਦਾ ਹੈ। ਅਜਿਹੇ 'ਚ ਜਿਹੜੇ ਏਟੀਐਮ ਤੋਂ ਪੈਸਾ ਨਿੱਕਲ ਰਿਹਾ ਹੈ ਉੱਥੇ ਵੱਡੀਆਂ ਲਾਈਨਾਂ ਲੱਗੀਆਂ ਹਨ। ਸੈਕਟਰ 34 'ਚ 6 ਤੋਂ ਵੱਧ ਬੈਂਕਾਂ ਦੇ ਏਟੀਐਮ ਹਨ, ਪਰ ਇੱਥੇ ਸਿਰਫ ਸਟੇਟ ਬੈਂਕ ਆਫ ਪਟਿਆਲਾ ਦਾ ਏਟੀਐਮ ਹੀ ਪੈਸੇ ਕੱਢ ਰਿਹਾ ਹੈ। ਬਾਕੀ ਖਾਲੀ ਹਨ। ਸਭ ਤੋਂ ਜਿਆਦਾ ਬੁਰਾ ਹਾਲ ਕੋਆਰਪੋਰੇਸ਼ਨ ਬੈਂਕਾਂ ਤੇ ਕੋਆਪਰੇਟਿਵ ਬੈਂਕਾਂ ਦਾ ਹੈ। ਇਹਨਾਂ ਦੇ ਏਟੀਐਮ ਪਿਛਲੇ ਕਰੀਗ 4-5 ਦਿਨਾਂ ਤੋਂ ਖਾਲੀ ਹਨ।
ਇਸ ਤੋਂ ਬਾਅਦ ਗੱਲ ਕਰਦੇ ਹਾਂ ਚੰਡੀਗੜ੍ਹ ਨਾਲ ਲੱਗਦੇ ਪੰਜਾਬ ਦੇ ਸ਼ਹਿਰ ਮੋਹਾਲੀ ਦੀ, ਇੱਥੇ ਵੀ ਹਲਾਤ ਜਿਆਦਾ ਬੇਹਤਰ ਨਹੀਂ ਹਨ। 10 ਪਿੱਛੇ ਸਿਰਫ 4 ਏਟੀਐਮ ਕੰਮ ਕਰ ਰਹੇ ਹਨ। ਜਿਆਦਾਤਰ ਸੈਕਟਰ ਦੇ ਏਟੀਐਮ ਖਾਲੀ ਹਨ, ਇੱਕਾ ਦੁੱਕਾ ਏਟੀਐਮ ਹੀ ਪੈਸੇ ਕੱਢ ਰਹੇ ਹਨ। ਬੈਂਕ ਅਧਿਕਾਰੀਆਂ ਮੁਤਾਬਕ ਏਟੀਐਮ 'ਚ ਰੋਟੇਸ਼ਨ ਨਾਲ ਪੈਸੇ ਪਾਏ ਜਾ ਰਹੇ ਹਨ, ਤਾਂ ਕਿ ਸਾਰੇ ਇਲਾਕਿਆਂ 'ਚ ਲੋਕਾਂ ਨੂੰ ਪੈਸਾ ਮਿਲ ਸਕੇ।
ਏਬੀਪੀ ਸਾਂਝਾ ਨੇ ਆਪਣੀ ਇਸ ਪੜਤਾਲ 'ਚ ਦੇਖਿਆ ਹੈ ਕਿ 17ਵੇਂ ਦਿਨ ਵੀ ਦੇਸ਼ ਦੇ ਹਲਾਤ ਪੂਰੀ ਤਰਾਂ ਠੀਕ ਨਹੀਂ ਹੋਏ ਹਨ। ਨੋਟਬੰਦੀ ਕਾਰਨ ਪੈਦਾ ਹੋਇਆ ਕੈਸ਼ ਦਾ ਸੰਕਟ ਲੋਕਾਂ 'ਤੇ ਛਾਇਆ ਹੋਇਆ ਹੈ। ਹਾਲਾਂਕਿ ਹੌਲੀ ਹੌਲੀ ਹਲਾਤ ਠੀਕ ਜਰੂਰ ਹੋ ਰਹੇ ਹਨ। ਪਰ ਅਜੇ ਇਸ 'ਤੇ ਸਮਾਂ ਲੱਗੇਗਾ। ਪਰ ਦੇਸ਼ ਦੀ ਜਿਆਦਾਤਰ ਜਨਤਾ ਪੈਸੇ ਦੀ ਕਿੱਲਤ ਕਾਰਨ ਹੋ ਰਹੀ ਪ੍ਰੇਸ਼ਾਨੀ ਦੇ ਬਾਵਜੂਦ ਮੋਦੀ ਸਰਕਾਰ ਦੇ ਇਸ ਕਦਮ ਦੀ ਤਰੀਫ ਕਰ ਰਹੀ ਹੈ।