ਫ਼ਰੀਦਕੋਟ: ਸਥਾਨਕ ਪੁਲਿਸ ਨੇ ਲਗਪਗ ਸਵਾ ਦੋ ਮਹੀਨੇ ਪਹਿਲਾਂ ਹੋਏ ਕਤਲ ਦੀ ਗੁੱਥੀ ਸੁਲਝਾਉਂਦਿਆਂ ਦੋ ਕਥਿਤ ਦੋਸ਼ੀਆਂ ਗ੍ਰਿਫ਼ਤਾਰ ਕੀਤਾ ਹੈ। ਦਰਅਸਲ, 13 ਮਈ 2018 ਦੀ ਰਾਤ ਨੂੰ ਫ਼ਰੀਦਕੋਟ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਦੀ ਰੇਲਵੇ ਲਾਈਨ ’ਤੇ ਇੱਕ ਲਾਸ਼ ਮਿਲੀ ਸੀ। ਜੀਆਰਪੀ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ 174 ਦੀ ਧਾਰਾ ਅਮਲ ਵਿੱਚ ਲਿਆਂਦੀ ਸੀ। ਘਟਨਾ ਵਿੱਚ ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਵਜੋਂ ਹੋਈ ਸੀ। ਮ੍ਰਿਤਕ ਦੇ ਪਿਤਾ ਪੁਲਿਸ ਦੀ ਕਾਰਵਾਹੀ ਤੋਂ ਸੰਤੁਸ਼ਟ ਨਹੀਂ ਹੋਏ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਗਸੀਰ ਸਿੰਘ ਦੀ ਮੌਤ ਕੋਈ ਹਾਦਸਾ ਨਹੀਂ, ਬਲਕਿ ਉਨ੍ਹਾਂ ਦੇ ਮੁੰਡੇ ਦਾ ਕਤਲ ਹੋਇਆ ਹੈ।



ਇਸੇ ਸਬੰਧੀ ਅਗਲੀ ਕਾਰਵਾਈ ਕਰਦਿਆਂ ਹੁਣ ਪੁਲਿਸ ਨੇ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਕੀਤਾ ਹੈ। ਮਾਮਲੇ ਸਬੰਧੀ ਸਾਹਮਣੇ ਆਇਆ ਕਿ ਨਾਜਾਇਜ਼ ਸਬੰਧ ਦੇ ਸ਼ੱਕ ਹੇਠ ਜਗਸੀਰ ਸਿੰਘ ਦਾ ਕਤਲ ਹੋਇਆ ਹੈ। ਕਤਲ ਕਰਨ ਵਾਲੇ ਅੰਗਰੇਜ਼ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਉਸ ਦੇ ਮਾਸੀ ਦੇ ਲੜਕੇ ਜਗਸੀਰ ਸਿੰਘ ਨਾਲ ਨਜਾਇਜ਼ ਸਬੰਧ ਹਨ ਤੇ ਇਸੇ ਕਰਕੇ ਅੰਗਰੇਜ ਸਿੰਘ, ਉਸ ਦੀ ਪਤਨੀ ਤੇ ਦੋਸਤ ਅਵਤਾਰ ਸਿੰਘ ਨੇ ਆਪਸ ਵਿੱਚ ਸਲਾਹ ਕਰਕੇ ਯੋਜਨਾਬੰਦ ਤਰੀਕੇ ਨਾਲ ਜਗਸੀਰ ਨੂੰ ਪਹਿਲਾਂ ਘਰ ਬੁਲਾਇਆ ਤੇ ਬਾਅਦ ਵਿੱਚ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਦੇ ਬਾਅਦ ਵਿੱਚ ਘਟਨਾ ਨੂੰ ਹਾਦਸਾ ਕਰਾਰ ਦੇਣ ਲਈ ਉਨ੍ਹਾਂ ਜਗਸੀਰ ਸਿੰਘ ਦੀ ਲਾਸ਼ ਨੂੰ ਰੇਲਵੇ ਲਾਈਨ ਤੇ ਸੁੱਟ ਦਿੱਤਾ ਸੀ।

ਫਿਲਹਾਲ ਪੁਲਿਸ ਨੇ ਕਤਲ  ਦੇ ਕਥਿਤ ਦੋਸ਼ੀ ਅੰਗਰੇਜ਼ ਸਿੰਘ ਨੂੰ ਉਸ ਦੇ ਸਾਥੀ ਸਮੇਤ ਕਾਬੂ ਕਰ ਲਿਆ ਹੈ ਜਦੋਂ ਕਿ ਉਸ ਦੀ ਪਤਨੀ ਦੀ ਗ੍ਰਿਫ਼ਤਾਰ ਨਹੀਂ ਹੋਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਐਸਐਸਪੀ ਸੰਧੂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਕਤਲ ਦੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਔਰਤ ਅਜੇ ਫਰਾਰ ਹੈ।