ਮਾਨਸਾ: ਪਿੰਡ ਘਰਾਂਗਣਾ ‘ਚ 20 ਸਾਲਾ ਦਲਿਤ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਨੇ ਸਾਰੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਮਾਲੀ ਮਦਦ ਲਈ 5.62 ਹਜ਼ਾਰ ਦਾ ਚੈੱਕ ਸੌਂਪ ਦਿੱਤਾ ਗਿਆ ਹੈ। ਮੰਗਾਂ ਮੰਨੇ ਜਾਣ 'ਤੇ ਪਰਿਵਾਰ ਸੁਖਚੈਨ ਦਾ ਅੰਤਮ ਸਸਕਾਰ ਕਰਨ ਨੂੰ ਰਾਜ਼ੀ ਹੋ ਗਿਆ ਹੈ। ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਸਿਫਾਰਸ਼, 10 ਲੱਖ ਦਾ ਮੁਆਵਜ਼ਾ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਹੈ।
ਸੁਖਚੈਨ ਸਿੰਘ ਪਾਲੀ ਦਾ ਸੋਮਵਾਰ ਨੂੰ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਅਗਵਾ ਕਰ ਕਤਲ ਕਰ ਦਿੱਤਾ ਸੀ। ਇਲਜ਼ਾਮ ਲੱਗੇ ਕਿ ਪੁਰਾਣੀ ਰੰਜਿਸ਼ ਕਾਰਨ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਮ੍ਰਿਤਕ ਦੇ ਕਈ ਅੰਗ ਤੱਕ ਕੱਟ ਦਿੱਤੇ ਹਨ। ਇਲਜ਼ਾਮ ਸਨ ਕਿ ਕਾਤਲ ਜਾਂਦੇ ਹੋਏ ਮ੍ਰਿਤਕ ਦੀ ਇੱਕ ਲੱਤ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਬਾਅਦ ‘ਚ ਪੁਲਿਸ ਨੇ ਮ੍ਰਿਤਕ ਦੀ ਲੱਤ ਮੌਕਾ ਵਾਰਦਾਤ ਤੋਂ ਹੀ ਬਰਾਮਦ ਕਰ ਲਈ ਸੀ। ਪੁਲਿਸ ਨੇ ਮਾਮਲੇ ਦੀ ਗੰਭਾਰਤਾ ਨੂੰ ਦੇਖਦਿਆਂ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਘਟਨਾ ਵਾਲੇ ਦਿਨ ਤੋਂ ਹੀ ਕਈ ਜਥੇਬੰਦੀਆਂ ਸਮੇਤ ਪਰਿਵਾਰ ਧਰਨੇ ਤੇ ਸੀ। ਕੱਲ੍ਹ ਦੇਰ ਸ਼ਾਮ ਤੱਕ 4 ਮੁਲਜ਼ਮ ਕਾਬੂ ਕਰ ਲਏ ਗਏ ਸਨ। ਅੱਜ ਬਾਕੀ ਰਹਿੰਦੇ 2 ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਗ੍ਰਿਫਤਾਰ ਕੀਤੇ ਵਿਅਕਤੀਆਂ ‘ਚ ਹਰਦੀਪ ਸਿੰਘ (ਮੁੱਖ ਮੰਤਰੀ ਬਾਦਲ ਦੇ ਡਰਾਈਵਰ ਦਾ ਰਿਸ਼ਤੇਦਾਰ), ਬਲਵੀਰ ਸਿੰਘ (ਜਿਸ ਦੇ ਘਰ ਤੋਂ ਸੁਖਚੈਨ ਦੀ ਲਾਸ਼ ਮਿਲੀ ਸੀ) ਬਵਰੀਕ ਸਿੰਘ ਤੇ ਸਾਧੂ ਸਿੰਘ ਸ਼ਾਮਲ ਹਨ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਪਰ ਇਹਨਾਂ ਦਾਅਵਾ ਕੀਤਾ ਹੈ ਕਿ ਮ੍ਰਿਤਕ ਸੁਖਚੈਨ ਸਿੰਘ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਇਹਨਾਂ ਦੇ ਘਰ ਹਮਲਾ ਕਰਨ ਆਇਆ ਸੀ। ਇਸ ‘ਤੇ ਇਹਨਾਂ ਆਪਣੇ ਬਚਾਅ ‘ਚ ਹੀ ਸੁਖਚੈਨ ਦਾ ਕਤਲ ਕੀਤਾ ਹੈ। ਮੁਲਜ਼ਮਾਂ ਮੁਤਾਬਕ ਇਹ ਦੋਨੇਂ ਧਿਰਾਂ ਨਜਾਇਜ ਸ਼ਰਾਬ ਦਾ ਧੰਦਾ ਕਰਦੀਆਂ ਸਨ। ਇਸੇ ਧੰਦੇ ਦੇ ਚੱਲਦਿਆਂ ਹੀ ਇਹਨਾਂ ‘ਚ ਆਪਸੀ ਵਿਵਾਦ ਚੱਲ ਰਿਹਾ ਸੀ।