ਨਵੀਂ ਦਿੱਲੀ: ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਸਮੇਤ ਦੇਸ਼ ਦੀ ਰਾਜਦਾਨੀ ਦੇ 10 ਗੁਰਦੁਆਰਿਆਂ ਨੇ ਭਾਰਤੀ ਖਾਧ ਸੁਰੱਖਿਆ ਤੇ ਮਾਨਕ ਅਥਾਰਟੀ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਆਪਣੇ ਲੰਗਰ ਵਿੱਚ ਸਫਾਈ ਮਾਨਕ (FSSAI) ਲਾਗੂ ਕਰ ਦਿੱਤੇ ਹਨ। ਗੁਰੂ ਘਰ ਵਿੱਚ ਰੋਜ਼ਾਨਾ ਤਕਰੀਬਨ ਇੱਕ ਲੱਖ ਤੇ ਹਫ਼ਤੇ ਦੇ ਅੰਤ ਵਿੱਚ ਪੰਜ ਲੱਖ ਲੋਕ ਲੰਗਰ ਛਕਦੇ ਹਨ।

 

FSSAI ਨੇ BHOG (ਬਲਿਸਫੁੱਲ ਹਾਈਜੀਨ ਔਫਰਿੰਗ ਟੂ ਗੌਡ) ਪ੍ਰਾਜੈਕਟ ਸ਼ੂਰੂ ਕੀਤਾ ਹੈ, ਜਿਸ ਤਹਿਤ ਸਾਰੇ ਧਾਰਮਿਕ ਸਥਾਨਾਂ ਨੂੰ ਖਾਧ ਸੁਰੱਖਿਆ ਤੇ ਸਫਾਈ ਸਬੰਧੀ ਨੇਮ ਅਪਣਾਉਣੇ ਹੋਣਗੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਉਨ੍ਹਾਂ ਖਾਧ ਤੇ ਸਫਾਈ ਨੇਮਾਂ ਨੂੰ ਲੰਗਰ ਦੀ ਰਸੋਈ ਵਿੱਚ ਲਿਆਉਣ ਵਾਲੀ ਰਸਦ ਤੋਂ ਹੀ ਲਾਗੂ ਕਰ ਦਿੱਤਾ ਹੈ। ਜੀ.ਕੇ. ਨੇ ਦੱਸਿਆ ਕਿ ਰਸਦ ਖਰੀਦਣ ਤੋਂ ਬਾਅਦ ਇਸ ਦੇ ਨਮੂਨਿਆਂ ਦੀ ਸਰਕਾਰੀ ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਹੋਵੇਗੀ ਤੇ ਉੱਥੋਂ ਪਾਸ ਹੋਣ ਤੋਂ ਬਾਅਦ ਹੀ ਸਪਲਾਇਰ ਨੂੰ ਅਦਾਇਗੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਲੰਗਰ ਤਿਆਰ ਕਰਨ ਵਾਲੇ ਲਾਂਗਰੀਆਂ ਨੂੰ ਸਿਰ ਢੱਕਣ ਵਾਲੀ ਜਾਲ਼ੀ, ਦਸਤਾਨੇ ਤੇ ਐਪ੍ਰਨ ਆਦਿ ਪਹਿਨਣੇ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਲਈ ਆਰਓ ਪਲਾਂਟ ਸਥਾਪਤ ਕਰ ਦਿੱਤੇ ਗਏ ਹਨ।