ਸਰਕਾਰੀ ਸਕੂਲਾਂ ਦੇ ਨਾਂਅ ਬਦਲਣ ਦੀ ਕਵਾਇਦ ਸ਼ੁਰੂ, 12 ਸਰਕਾਰੀ ਸਕੂਲਾਂ ਦੇ ਬਦਲੇ ਨਾਂਅ, ਜਾਣੋ
ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੀਤੇ ਮਹੀਨੇ ਹੀ ਸੂਬੇ ਦੇ ਸਰਕਾਰੀ ਸਕੂਲਾਂ ਦੇ ਨਾਂ ਨਾਮੀ ਹਸਤੀਆਂ ਦੇ ਨਾਮ ‘ਤੇ ਰੱਖਣ ਦਾ ਫੈਸਲਾ ਲਿਆ ਸੀ ਜਿਸ ਤਹਿਤ ਪਹਿਲੇ ਗੇੜ ਵਿੱਚ 12 ਸਰਕਾਰੀ ਸਕੂਲਾਂ ਦੇ ਨਾਮ ਬਦਲੇ ਗਏ ਹਨ।
Government School: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਅਤੇ ਉੱਘੇ ਲਿਖਾਰੀਆਂ ਨੂੰ ਸਨਮਾਨ ਦੇਣ ਅਤੇ ਆਉਣ ਵਾਲੀਆਂ ਨਸਲਾਂ ਨੂੰ ਉਕਤ ਸਖ਼ਸ਼ੀਅਤਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੂਬੇ ਦੇ 12 ਸਰਕਾਰੀ ਸਕੂਲਾਂ ਦੇ ਨਾਮ ਬਦਲ ਕੇ ਨਾਮੀ ਹਸਤੀਆਂ ਦੇ ਨਾਮ ‘ਤੇ ਰੱਖੇ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦਿੱਤੀ।
ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੀਤੇ ਮਹੀਨੇ ਹੀ ਸੂਬੇ ਦੇ ਸਰਕਾਰੀ ਸਕੂਲਾਂ ਦੇ ਨਾਂ ਨਾਮੀ ਹਸਤੀਆਂ ਦੇ ਨਾਮ ‘ਤੇ ਰੱਖਣ ਦਾ ਫੈਸਲਾ ਲਿਆ ਸੀ ਜਿਸ ਤਹਿਤ ਪਹਿਲੇ ਗੇੜ ਵਿੱਚ 12 ਸਰਕਾਰੀ ਸਕੂਲਾਂ ਦੇ ਨਾਮ ਬਦਲੇ ਗਏ ਹਨ।
School Edu Minister @HarjotBains said that dept has decided to change the name of govt schools after prominent personalities of area so that these famous personalities remain a source of inspiration for our next generations & names of 12 schools have been changed in first phase.
— Government of Punjab (@PunjabGovtIndia) January 4, 2023
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਨਾਮ ਨਾਮੀ ਹਸਤੀਆਂ ਦੇ ਨਾਮ ‘ਤੇ ਰੱਖੇ ਜਾ ਰਹੇ ਹਨ ਤਾਂ ਜੋ ਇਹ ਨਾਮੀ ਹਸਤੀਆਂ ਸਦੀਆਂ ਤੱਕ ਸਾਡੇ ਸੂਬੇ ਦੇ ਬੱਚਿਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣ।
ਉਹਨਾਂ ਦੱਸਿਆ ਕਿ ਜਿਹਨਾਂ ਸਰਕਾਰੀ ਸਕੂਲਾਂ ਦੇ ਨਾਂ ਬਦਲੇ ਗਏ ਹਨ ਉਹਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ ਦਾ ਨਾਮ ਬਦਲ ਕੇ ਰਾਮ ਸਰੂਪ ਅਣਖੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ, ਜ਼ਿਲ੍ਹਾ ਬਰਨਾਲਾ ਰੱਖਿਆ ਗਿਆ।
ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਹਰੀਜਨ ਬਸਤੀ ਕੋਟ ਫੱਤਾ ਜ਼ਿਲ੍ਹਾ ਬਠਿੰਡਾ ਦਾ ਨਾਂ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਫੱਤਾ ਜ਼ਿਲ੍ਹਾ ਬਠਿੰਡਾ, ਸਰਕਾਰੀ ਪ੍ਰਾਇਮਰੀ ਸਕੂਲ, ਜ਼ਿਲ੍ਹਾ ਜੇਲ੍ਹ, ਊਧਮ ਸਿੰਘ ਨਗਰ ਬਠਿੰਡਾ ਦਾ ਨਾਂ ਬਦਲ ਕੇ ਸ਼ਹੀਦ ਊਧਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਊਧਮ ਸਿੰਘ ਨਗਰ, ਬਠਿੰਡਾ, ਸਰਕਾਰੀ ਮਿਡਲ ਸਕੂਲ ਪੋਹਲੋਮਾਜਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਨਾਂ ਬਦਲ ਕੇ ਸ਼ਹੀਦ ਮਲਕੀਤ ਸਿੰਘ ਸਰਕਾਰੀ ਮਿਡਲ ਸਕੂਲ ਪੋਹਲੋਮਾਜਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸਰਕਾਰੀ ਹਾਈ ਸਕੂਲ ਪੱਬਾਰਾਲੀ ਕਲਾਂ, ਜ਼ਿਲ੍ਹਾ ਗੁਰਦਾਸਪੁਰ ਦਾ ਨਾਂ ਬਦਲ ਕੇ ਸ਼ਹੀਦ ਲਾਂਸ ਨਾਇਕ ਰਜਿੰਦਰ ਸਿੰਘ ਸਰਕਾਰੀ ਹਾਈ ਸਕੂਲ ਪੱਬਾਰਾਲੀ ਕਲਾਂ, ਜ਼ਿਲ੍ਹਾ ਗੁਰਦਾਸਪੁਰ, ਸਰਕਾਰੀ ਕੰ. ਸੀਨੀਅਰ ਸੈਕਡੰਰੀ ਸਮਾਰਟ ਸਕੂਲ ਹਾਜੀਪੁਰ, ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਬਦਲ ਕੇ ਸ਼ਹੀਦ ਬਖ਼ਤਾਬਰ ਸਿੰਘ ਸਰਕਾਰੀ ਕੰ. ਸੀਨੀਅਰ ਸੈਕਡੰਰੀ ਸਮਾਰਟ ਸਕੂਲ ਹਾਜੀਪੁਰ, ਜ਼ਿਲ੍ਹਾ ਹੁਸ਼ਿਆਰਪੁਰ ਰੱਖਿਆ ਗਿਆ ਹੈ।
ਇਸੇ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਕਲੀਚਪੁਰ ਕਲੋਤਾਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਬਦਲ ਕੇ ਸ਼ਹੀਦ ਸੂਬੇਦਾਰ ਰਜੇਸ਼ ਕੁਮਾਰ ਸਰਕਾਰੀ ਐਲੀਮੈਂਟਰੀ ਸਕੂਲ ਕਲੀਚਪੁਰ ਕਲੋਤਾਂ, ਜ਼ਿਲ੍ਹਾ ਹੁਸ਼ਿਆਰਪੁਰ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰੁੜਕੀ, ਜ਼ਿਲ੍ਹਾ ਪਟਿਆਲਾ ਦਾ ਨਾਂ ਬਦਲ ਕੇ ਸੁਤੰਤਰਤਾ ਸੰਗਰਾਮੀ ਭਾਈ ਨਾਨੂੰ ਸਿੰਘ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰੁੜਕੀ, ਜ਼ਿਲ੍ਹਾ ਪਟਿਆਲਾ, ਸਰਕਾਰੀ ਹਾਈ ਸਮਾਰਟ ਸਕੂਲ ਗੰਗਰੋਲਾ, ਜ਼ਿਲ੍ਹਾ ਪਟਿਆਲਾ ਦਾ ਨਾਂ ਬਦਲ ਕੇ ਸ਼ਹੀਦ ਊਧਮ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਗੰਗਰੋਲਾ, ਜ਼ਿਲ੍ਹਾ ਪਟਿਆਲਾ, ਸਰਕਾਰੀ ਮਿਡਲ ਸਕੂਲ ਹਰਦੋਸ਼ਰਨ, ਜ਼ਿਲ੍ਹਾ ਪਠਾਨਕੋਟ ਦਾ ਨਾਂ ਬਦਲ ਕੇ ਸ਼ਹੀਦ ਰਾਮ ਸਿੰਘ ਪਠਾਨੀਆ ਮੈਮੋਰੀਅਲ ਸਰਕਾਰੀ ਮਿਡਲ ਸਕੂਲ ਹਰਦੋਸ਼ਰਨ, ਜ਼ਿਲ੍ਹਾ ਪਠਾਨਕੋਟ, ਸਰਕਾਰੀ ਪ੍ਰਾਇਮਰੀ ਸਕੂਲ ਬਦੇਸ਼ੇ, ਜ਼ਿਲ੍ਹਾ ਮਲੇਰਕੋਟਲਾ ਦਾ ਨਾਂ ਬਦਲ ਕੇ ਸ਼ਹੀਦ ਗੁਰਪ੍ਰੀਤ ਸਿੰਘ ਬਾਜਵਾ ਸਰਕਾਰੀ ਪ੍ਰਾਇਮਰੀ ਸਕੂਲ ਬਦੇਸ਼ੇ, ਜ਼ਿਲ੍ਹਾ ਮਲੇਰਕੋਟਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਬਾਜੀਗਰ, ਜ਼ਿਲ੍ਹਾ ਅੰਮ੍ਰਿਤਸਰ ਦਾ ਨਾਂ ਬਦਲ ਕੇ ਸ਼ਹੀਦ ਰੇਸ਼ਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਨਾਨਕਪੁਰਾ, ਜ਼ਿਲ੍ਹਾ ਅੰਮ੍ਰਿਤਸਰ ਰੱਖਿਆ ਗਿਆ ਹੈ।
ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਾਲ ਹੀ ਵਿੱਚ ਪੰਜਾਬ ਰਾਜ ਦੇ ਕਈ ਅਜਿਹੇ ਸਰਕਾਰੀ ਸਕੂਲਾਂ ਦੇ ਨਾਮ ਵੀ ਬਦਲੇ ਗਏ ਹਨ ਜਿਹਨਾਂ ਦੇ ਨਾਮ ਜਾਤੀ ਅਧਾਰਿਤ ਸਨ। ਉਹਨਾਂ ਕਿਹਾ ਕਿ ਵੱਖ-ਵੱਖ ਪਿੰਡਾਂ/ਸ਼ਹਿਰਾਂ/ਕਸਬਿਆਂ ਦੀਆਂ ਨਾਮੀ ਹਸਤੀਆਂ ਦੇ ਨਾਮ ‘ਤੇ ਸਕੂਲਾਂ ਦੇ ਨਾਮ ਰੱਖਣ ਦੀ ਇਹ ਪ੍ਰਕਿਰਿਆ ਜਾਰੀ ਰਹੇਗੀ। ਉਹਨਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਇਲਾਕੇ ਦੇ ਸਕੂਲ ਦਾ ਨਾਂ ਕਿਸੇ ਨਾਮੀ ਹਸਤੀ ਦੇ ਨਾਮ ‘ਤੇ ਰਖਵਾਉਣਾ ਚਾਹੁੰਦੇ ਹਨ ਤਾਂ ਉਹ ਵਿਭਾਗ ਨਾਲ ਤਾਲਮੇਲ ਕਰ ਸਕਦੇ ਹਨ।