ਅੰਮ੍ਰਿਤਸਰ 'ਚ ਮਿਲੀ 12 ਕਿੱਲੋ ਹੈਰੋਇਨ, 2 ਨੌਜਵਾਨ ਗ੍ਰਿਫ਼ਤਾਰ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਥਾਣਾ ਘਰਿੰਡਾ ਦੇ ਅਧੀਨ ਪੈਂਦੇ ਖੇਤਰ ਦੇ ਵਿੱਚੋਂ ਦੋ ਨੌਜਵਾਨ ਮੁਲਜ਼ਮਾਂ ਕੋਲੋਂ ਰਾਤ 9 ਵਜੇ ਦੇ ਕਰੀਬ ਨਾਕਾਬੰਦੀ ਦੌਰਾਨ ਬਾਰਾਂ ਕਿੱਲੋ ਹੈਰੋਇਨ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦਿੱਤੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਦੀ ਪਛਾਣ ਗੁਰਪਾਲ ਸਿੰਘ ਵਾਸੀ ਰੋੜਾਂ ਵਾਲਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੋੜਾਂ ਵਾਲਾ ਵਜੋਂ ਹੋਈ ਹੈ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਥਾਣਾ ਘਰਿੰਡਾ ਦੇ ਅਧੀਨ ਪੈਂਦੇ ਖੇਤਰ ਦੇ ਵਿੱਚੋਂ ਦੋ ਨੌਜਵਾਨ ਮੁਲਜ਼ਮਾਂ ਕੋਲੋਂ ਰਾਤ 9 ਵਜੇ ਦੇ ਕਰੀਬ ਨਾਕਾਬੰਦੀ ਦੌਰਾਨ ਬਾਰਾਂ ਕਿੱਲੋ ਹੈਰੋਇਨ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦਿੱਤੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਦੀ ਪਛਾਣ ਗੁਰਪਾਲ ਸਿੰਘ ਵਾਸੀ ਰੋੜਾਂ ਵਾਲਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੋੜਾਂ ਵਾਲਾ ਵਜੋਂ ਹੋਈ ਹੈ। ਦੋਵਾਂ ਦੇ ਖ਼ਿਲਾਫ਼ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਥਾਣਾ ਘਰਿੰਡਾ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਸੂਤਰਾਂ ਮੁਤਾਬਕ ਦੋਵੇਂ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਪਿੰਡ ਰੋੜਾਂਵਾਲੀ ਦੇ ਬਾਹਰਵਾਰ ਡਰੇਨ ਦੇ ਨਜ਼ਦੀਕ ਜਾ ਰਹੇ ਸਨ ਅਤੇ ਇਨ੍ਹਾਂ ਦੇ ਕੋਲ ਇੱਕ ਬੈਗ ਸੀ। ਪੁਲਿਸ ਨੇ ਇਨ੍ਹਾਂ ਨੂੰ ਰੋਕ ਕੇ ਜਦ ਜਾਂਚ ਕੀਤੀ ਤਾਂ ਇਨ੍ਹਾਂ ਦੇ ਕੋਲੋਂ ਤਲਾਸ਼ੀ ਦੌਰਾਨ ਬੈਗ ਦੇ ਵਿੱਚੋਂ ਹੈਰੋਇਨ ਦੇ ਪੈਕੇਟ ਬਰਾਮਦ ਹੋਏ ਜਿਨ੍ਹਾਂ ਦਾ ਪਰ ਬਾਰਾਂ ਕਿੱਲੋ ਦੇ ਕਰੀਬ ਸੀ। ਰੋੜਾਂ ਵਾਲੀ ਪਿੰਡ ਅੰਤਰਰਾਸ਼ਟਰੀ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਉੱਪਰ ਸਥਿਤ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦੀ ਉਮਰ 20 ਤੋ 22 ਸਾਲ ਦੇ ਦਰਮਿਆਨ ਹੈ। ਦੋਨੋਂ ਹੀ ਵਿਦਿਆਰਥੀ ਲੱਗਦੇ ਹਨ।
ਪੁਲਿਸ ਸੂਤਰਾਂ ਦੀ ਮੰਨੀਏ ਤਾਂ ਦੋਵੇਂ ਨੌਜਵਾਨ ਇਹ ਹੈਰੋਇਨ ਕਿਸੇ ਨੂੰ ਦੇਣ ਜਾ ਰਹੇ ਸਨ। ਸ਼ੁਰੂਆਤੀ ਜਾਂਚ ਮੁਤਾਬਕ ਇਹ ਹੈਰੋਇਨ ਸਰਹੱਦ ਪਾਰ ਪਾਕਿਸਤਾਨ ਤੋਂ ਆਈ ਸੀ ਜਿਸ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਇਸ ਮਾਮਲੇ ਦੇ ਵਿਚ ਪੁਲਿਸ ਨੇ ਦੋਵਾਂ ਨੌਜਵਾਨ ਮੁਲਜ਼ਮਾਂ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਡੂੰਘਾਈ ਦੇ ਨਾਲ ਜਾਂਚ ਵਿੱਚ ਹੋਰ ਕਈ ਖੁਲਾਸੇ ਹੋ ਸਕਦੇ ਹਨ। ਪਿਛਲੇ ਇੱਕ ਮਹੀਨੇ ਦੇ ਵਿੱਚ ਸਰਹੱਦ ਪਾਰ ਤੋਂ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਭਾਰਤ ਵਿੱਚ ਸਪਲਾਈ ਕੀਤੀ ਜਾ ਰਹੀ ਹੈ ਜਿਸ ਵਿੱਚੋਂ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਹੀ ਚਾਲੀ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕਰ ਲਈ ਹੈ।
ਪਾਕਿਸਤਾਨ ਵੱਲੋਂ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ਵਿੱਚ ਭਾਰਤ ਵਿਰੋਧੀ ਸਰਗਰਮੀਆਂ ਪਿਛਲੇ ਕਈ ਦਿਨਾਂ ਤੋਂ ਤੇਜ਼ ਕੀਤੀਆਂ ਹੋਈਆਂ ਹਨ ਜਿਸ ਦੇ ਚੱਲਦੇ ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਹਥਿਆਰ ਅਤੇ ਹੈਰੋਇਨ ਦੀ ਖੇਪ ਭਾਰਤ ਪਹੁੰਚਾਈ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਗੱਲ ਦਾ ਪਤਾ ਲੱਗੇਗਾ ਕਿ ਇਹ ਹੈਰੋਇਨ ਕਿਸ ਜਗ੍ਹਾ ਤੋਂ ਲੈ ਕੇ ਆਏ ਸਨ ਅਤੇ ਕੇਸ ਜਗ੍ਹਾ ਦੇਣ ਜਾ ਰਹੇ ਸਨ।