ਅੰਮ੍ਰਿਤਸਰ: ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤੇ ਗਏ 147 ਭਾਰਤੀ ਮਛੇਰੇ ਅੱਜ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜੇ। ਕਰਾਚੀ ਦੀ ਲਾਂਡੀ ਜੇਲ੍ਹ ਵਿੱਚ ਬੰਦ ਇਨ੍ਹਾਂ ਮਛੇਰਿਆਂ ਨੂੰ ਕੱਲ੍ਹ ਰਿਹਾਅ ਕੀਤਾ ਗਿਆ ਸੀ ਜੋ ਅੱਜ ਦੇਰ ਸ਼ਾਮ ਆਪਣੇ ਵਤਨ ਪਰਤ ਆਏ।
ਅਟਾਰੀ ਸਰਹੱਦ 'ਤੇ ਪਾਕਿਸਤਾਨੀ ਰੇਂਜਰਜ਼ ਤੇ ਕਸਟਮ ਅਧਿਕਾਰੀਆਂ ਨੇ ਇਨ੍ਹਾਂ ਮਛੇਰਿਆਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ। ਭਾਰਤੀ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਸਾਰੀ ਕਾਗਜ਼ੀ ਕਾਰਵਾਈ ਕਰਨ ਮਗਰੋਂ ਦੇਰ ਰਾਤ ਅੰਮ੍ਰਿਤਸਰ ਸਥਿਤ ਰੈੱਡ ਕਰਾਸ ਭਵਨ ਭੇਜ ਦਿੱਤਾ ਜਾਵੇਗਾ। ਕੱਲ੍ਹ ਇਹ ਰੇਲ ਗੱਡੀ ਰਾਹੀਂ ਆਪਣੇ ਘਰਾਂ ਲਈ ਰਵਾਨਾ ਹੋਣਗੇ।
ਰਿਹਾਅ ਕੀਤੇ ਗਏ ਸਾਰੇ ਭਾਰਤੀ ਮਛੇਰੇ ਗੁਜਰਾਤ ਦੇ ਵੱਖ-ਵੱਖ ਜ਼ਿਲਿਆਂ ਦੇ ਰਹਿਣ ਵਾਲੇ ਹਨ। ਸਮੁੰਦਰ ਵਿੱਚ ਮੱਛੀ ਫੜਨ ਦੌਰਾਨ ਪਾਕਸਤਾਨੀ ਸਰਹੱਦ ਵਿੱਚ ਦਾਖਲ ਹੋਣ ਕਰਕੇ ਇਨ੍ਹਾਂ ਨੂੰ ਪਾਕਿਸਤਾਨ ਨੇਵਲ ਗਾਰਡਜ਼ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਰਿਹਾਅ ਹੋਏ ਇਨ੍ਹਾਂ ਮਛੇਰਿਆਂ ਨੇ ਜਿੱਥੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਹੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਬਾਕੀ ਭਾਰਤੀਆਂ ਨੂੰ ਵੀ ਜਲਦ ਰਿਹਾਅ ਕਰਨ ਦੀ ਅਪੀਲ ਵੀ ਕੀਤੀ।
ਇਨ੍ਹਾਂ ਮਛੇਰਿਆਂ ਦੀ ਮੰਗ ਹੈ ਕਿ ਜਦੋਂ ਇਨ੍ਹਾਂ ਨੂੰ ਗਲਤੀ ਨਾਲ ਪਾਕਿਸਤਾਨ ਸਰਹੱਦ ਵਿੱਚ ਦਾਖਲ ਹੋਣ 'ਤੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਇਨ੍ਹਾਂ ਦੀਆਂ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਜਾਂਦੀਆਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਕਿਸ਼ਤੀਆਂ ਹੀ ਇਨ੍ਹਾਂ ਦਾ ਰੁਜ਼ਗਾਰ ਹਨ ਜੋ ਪਾਕਿਸਤਾਨ ਸਰਕਾਰ ਵੱਲੋਂ ਮੋੜਨੀਆਂ ਚਾਹੀਦੀਆਂ ਹਨ।