ਜਲੰਧਰ: ਪੁਲਿਸ ਮੁਲਾਜ਼ਮ ਇਸ ਪੱਧਰ ਤੱਕ ਭ੍ਰਿਸ਼ਟ ਹੋ ਚੁੱਕੇ ਹਨ ਕਿ ਰੇਪ ਕੇਸਾਂ ਵਿੱਚ ਸਮਝੌਤੇ ਕਰਵਾਉਣ ਲਈ ਵੀ ਪੈਸੇ ਲੈਣ ਲੱਗ ਪਏ ਹਨ। ਅਜਿਹੇ ਹੀ ਇਲਜ਼ਮਾਂ ਵਿੱਚ ਇੱਕ ਏਐਸਆਈ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ ਹੈ। ਇੱਕ ਹੋਰ ਏਐਸਆਈ ਕਿਸੇ ਔਰਤ ਨੂੰ ਨਸ਼ੇ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਿਹਾ ਸੀ। ਉਹ ਵੀ ਗ੍ਰਿਫਤਾਰ ਹੋ ਗਿਆ ਹੈ।


ਪਹਿਲਾ ਕੇਸ ਹੈ ਇੱਕ ਨਾਬਾਲਗ ਕੁੜੀ ਨਾਲ ਰੇਪ ਦਾ। ਨਕੋਦਰ ਥਾਣੇ ਵਿੱਚ ਤਾਇਨਾਤ ਏਐਸਆਈ ਦਰਸ਼ਨ ਲਾਲ ਮੁਲਜ਼ਮਾਂ ਨੂੰ ਕਹਿ ਰਿਹਾ ਸੀ ਕਿ ਉਹ ਕੇਸ ਕਮਜ਼ੋਰ ਕਰ ਦੇਵੇਗਾ। ਪੀੜਤ ਨਾਲ ਸਮਝੌਤਾ ਵੀ ਕਰਵਾ ਦੇਵੇਗਾ। ਇਸ ਲਈ ਪੰਜ 5 ਲੱਖ ਰੁਪਏ ਮੰਗੇ ਸੀ। ਇੱਕ ਲੱਖ 60 ਹਜ਼ਾਰ ਵਿੱਚ ਸੌਦਾ ਹੋਇਆ। 60 ਹਜ਼ਾਰ ਰੁਪਏ ਲੈਂਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਨੂੰ ਨਕੋਦਰ ਵਿੱਚੋਂ ਹੀ ਗ੍ਰਿਫਤਾਰ ਕੀਤਾ ਗਿਆ।

ਦੂਜੇ ਕੇਸ ਵਿੱਚ ਕਪੂਰਥਲਾ ਸੀਆਈਏ ਸਟਾਫ ਵਿੱਚ ਤਾਇਨਾਤ ਸਤਨਾਮ ਸਿੰਘ ਨੇ ਨਸ਼ੇ ਦਾ ਕੇਸ ਦਰਜ ਕੀਤਾ ਸੀ। ਇਸੇ ਕੇਸ ਵਿੱਚ ਇੱਕ ਔਰਤ ਨੂੰ ਫਸਾਉਣ ਦੀ ਧਮਕੀ ਦਿੰਦਾ ਸੀ। ਝੂਠਾ ਪਰਚਾ ਨਾ ਪਾਉਣ ਦੇ ਇਵਜ਼ ਵਿੱਚ ਉਸ ਨੇ 25 ਹਜ਼ਾਰ ਰੁਪਏ ਮੰਗੇ ਸਨ। ਔਰਤ ਨੇ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕੀਤੀ। ਅੱਜ ਜਦੋਂ ਉਹ 10 ਹਜ਼ਾਰ ਰੁਪਏ ਦੇਣ ਗਈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।