ਜਲੰਧਰ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਉਨ੍ਹਾਂ ਦੀ ਦੋਸਤ ਅਰੂਸਾ ਆਲਮ ਨੂੰ ਮੁਲਕ ਦੀ ਸੁਰੱਖਿਆ ਲਈ ਖਤਰਾ ਦੱਸਿਆ ਹੈ। ਖਹਿਰਾ ਨੇ ਇਸ ਬਾਰੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਕੈਪਟਨ 'ਤੇ ਐਕਸ਼ਨ ਲਈ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿਣ ਦਾ ਕੋਈ ਹੱਕ ਨਹੀਂ।


ਕੈਪਟਨ ਅਮਰਿੰਦਰ ਦੀ ਸ਼ਰਾਬ ਪੀਣ ਦੀ ਵਾਇਰਲ ਵੀਡੀਓ ਬਾਰੇ ਵੀ ਖਹਿਰਾ ਨੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਸਾਰਾ ਪੰਜਾਬ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦਤ ਲਈ ਸੋਗ ਮਨਾ ਰਿਹਾ ਸੀ ਤਾਂ ਕੈਪਟਨ ਸਵੇਰੇ ਪੰਗਤ ਵਿੱਚ ਲੰਗਰ ਛਕਣ ਦਾ ਡਰਾਮਾ ਕਰਦੇ ਹਨ ਤੇ ਰਾਤ ਨੂੰ ਸ਼ਰਾਬ ਪੀਂਦੇ ਹਨ।

ਉਨ੍ਹਾਂ ਕਿਹਾ, 'ਮੈਂ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਪਾਕਿਸਤਾਨ ਦੀ ਡਿਫੈਂਸ ਐਨਾਲਿਸਟ ਦਾ ਮੁੱਖ ਮੰਤਰੀ ਦੇ ਘਰ ਰਹਿਣਾ ਆਪਣੇ ਆਪ ਵਿੱਚ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ।" ਖਹਿਰਾ ਨੇ ਅੱਗੇ ਕਿਹਾ, "ਹਰ ਪਾਕਿਸਤਾਨ ਦੇ ਨਾਗਰਿਕ ਨੂੰ ਐਫ.ਆਰ.ਆਰ.ਓ. ਵਿੱਚ ਰਜਿਸਟਰ ਕਰਕੇ ਦੱਸਣਾ ਪੈਂਦਾ ਹੈ ਕਿ ਮੈਂ ਕਿੱਥੇ ਰਹਿਣਾ ਹੈ ਪਰ ਅਰੂਸਾ ਨੇ ਨਹੀਂ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਸਰਕਾਰੀ ਘਰ ਵਿੱਚ ਰਹਿਣਾ ਹੈ।"

ਖਹਿਰਾ ਨੇ ਕਿਹਾ, "ਇੱਕ ਪਾਸੇ ਪਾਕਿਸਤਾਨ ਨਾਲ ਕਸ਼ਮੀਰ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਸਾਡੇ ਘਰਾਂ ਵਿੱਚ ਲਾਸ਼ਾਂ ਆ ਰਹੀਆਂ ਹਨ। ਦੂਜੇ ਪਾਸੇ ਸਾਡੇ ਸੂਬੇ ਦਾ ਮੁੱਖ ਮੰਤਰੀ ਨੇ ਪਾਕਿਸਤਾਨ ਦੀ ਡਿਫੈਂਸ ਐਨਾਲਿਸਟ ਨੂੰ ਆਪਣੀ ਕੋਠੀ ਵਿੱਚ ਰੱਖਿਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਆਈਐਸਆਈ ਨੇ ਅਰੂਸਾ ਆਲਮ ਨੂੰ ਮੁੱਖ ਮੰਤਰੀ ਦੇ ਘਰ ਜਾਸੂਸ ਤਾਇਨਾਤ ਕੀਤਾ ਹੈ।"

30 ਨੂੰ ਬਠਿੰਡਾ ਥਰਮਲ ਪਲਾਂਟ ਬਾਹਰ ਧਰਨਾ ਲਾਵੇਗੀ 'ਆਪ'

ਸਰਕਾਰ ਵੱਲੋਂ ਦੋ ਸਰਕਾਰੀ ਥਰਮਲ ਪਲਾਂਟ ਬੰਦ ਕਰਨ 'ਤੇ ਖਹਿਰਾ ਨੇ ਕਿਹਾ ਮਨਪ੍ਰੀਤ ਬਾਦਲ ਝੂਠ ਬੋਲ ਰਹੇ ਹਨ ਕਿ ਬਿਜਲੀ 11 ਰੁਪਏ ਯੂਨਿਟ ਪੈ ਰਹੀ ਹੈ। ਅਸੀਂ 30 ਤਰੀਕ ਨੂੰ ਬਠਿੰਡਾ ਥਰਮਲ ਪਲਾਂਟ ਦੇ ਬਾਹਰ ਧਰਨਾ ਲਾਵਾਂਗੇ। ਉੱਥੇ ਦੇ ਮੁਲਾਜ਼ਮ ਕਹਿ ਰਹੇ ਹਨ ਕਿ ਬਿਜਲੀ ਸਾਢੇ ਤਿੰਨ ਰੁਪਏ ਯੂਨਿਟ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰਾਈਵੇਟ ਥਰਮਲ ਪਲਾਂਟ ਵਾਲਿਆਂ ਨੇ ਪਹਿਲਾਂ ਸੁਖਬੀਰ ਬਾਦਲ ਖਰੀਦਿਆ ਸੀ, ਉਨ੍ਹਾਂ ਨੇ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਰਾਣਾ ਗੁਰਜੀਤ ਸਿੰਘ ਖਰੀਦ ਲਏ ਹਨ। ਜੇਕਰ ਸਰਕਾਰ ਨੂੰ ਸਾਢੇ ਤਿੰਨ ਰੁਪਏ ਪੈ ਰਹੀ ਹੈ ਤਾਂ ਲੋਕਾਂ ਨੂੰ ਇੰਨੀ ਮਹਿੰਗੀ ਬਿਜਲੀ ਕਿਉਂ ਵੇਚ ਰਹੇ ਹਨ। ਇਨ੍ਹਾਂ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਵਾਲਿਆਂ ਨੂੰ ਡਰਾ ਕੇ ਸੈਟਿੰਗ ਕਰ ਲਈ ਹੈ। ਇਨ੍ਹਾਂ ਨੇ ਕੋਈ ਰਿਵਿਊ ਨਹੀਂ ਕਰਵਾਉਣਾ, ਬਲਕਿ ਰਿਵਿਊ ਦਾ ਬਿਆਨ ਦੇ ਕੇ ਸੈਟਿੰਗ ਕਰ ਲਈ ਹੈ।