ਲੁਧਿਆਣਾ: ਸਾਊਦੀ ਅਰਬ ਵਿੱਚ ਦੋ ਪੰਜਾਬੀਆਂ ਨੂੰ ਕਤਲ ਦੇ ਇਲਜ਼ਾਮ ‘ਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਦੋਵਾਂ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਆਪਣੇ ਦੋਸਤ ਦਾ ਕਤਲ ਕੀਤਾ ਸੀ। ਇਨ੍ਹਾਂ ਵਿੱਚ ਇੱਕ ਹੁਸ਼ਿਆਰਪੁਰ ਦਾ ਰਹਿਣ ਵਾਲਾ ਸਤਵਿੰਦਰ ਤੇ ਦੂਜਾ ਲੁਧਿਆਣਾ ਦਾ ਹਰਜੀਤ ਸਿੰਘ ਸ਼ਾਮਲ ਸੀ।
ਹਰਜੀਤ ਸਿੰਘ ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕੁੱਬੇ ਦਾ ਰਹਿਣ ਵਾਲਾ ਸੀ। ਉਹ ਰੁਜ਼ਗਾਰ ਲਈ ਸਾਊਦੀ ਅਰਬ ਗਿਆ ਸੀ ਜਿੱਥੇ 28 ਫਰਵਰੀ ਨੂੰ ਫਾਂਸੀ ਦੇ ਦਿੱਤੀ ਗਈ। ਉਸ ਦੇ ਬਜ਼ੁਰਗ ਮਾਪੇ ਤੇ ਪਰਿਵਾਰਕ ਮੈਂਬਰ ਆਪਣੇ ਪੁੱਤਰ ਦੇ ਪਰਤਣ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਉਨ੍ਹਾਂ ਨੂੰ ਉਸ ਦੀ ਲਾਸ਼ ਦੇਖਣੀ ਵੀ ਨਸੀਬ ਨਹੀਂ ਹੋਵੇਗੀ।
ਮ੍ਰਿਤਕ ਹਰਜੀਤ ਸਿੰਘ ਦੇ ਵੱਡੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਘਰ ’ਚ ਗ਼ਰੀਬੀ ਹੋਣ ਕਾਰਨ ਸਾਲ 2007 ’ਚ ਪਰਿਵਾਰ ਨੇ ਕਰਜ਼ਾ ਚੁੱਕ ਕੇ ਹਰਜੀਤ ਨੂੰ ਰੁਜ਼ਗਾਰ ਲਈ ਸਾਊਦੀ ਅਰਬ ਭੇਜਿਆ ਸੀ। ਉੱਥੇ ਉਹ ਅਲ-ਮਜ਼ੀਦ ਕੰਪਨੀ ਵਿੱਚ ਡਰਾਈਵਰੀ ਕਰਦਾ ਸੀ। ਸਾਲ 2015 ਵਿਚ ਕੰਪਨੀ ’ਚ ਕੁਝ ਪੰਜਾਬੀਆਂ ਵਿਚਾਲੇ ਝਗੜਾ ਹੋ ਗਿਆ ਤੇ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਜਾਂਚ ਵਿੱਚ ਹਰਜੀਤ ਤੇ ਹੁਸ਼ਿਆਰਪੁਰ ਵਾਸੀ ਸਤਵਿੰਦਰ ਨੂੰ ਕਤਲ ਕੇਸ ਵਿੱਚ ਰਿਆਧ ਜੇਲ੍ਹ ਭੇਜ ਦਿੱਤਾ।
ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਹਰਜੀਤ ਨੂੰ ਬਚਾਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਪੱਤਰ ਲਿਖੇ, ਸਮਾਜ ਸੇਵੀ ਐਸਪੀ ਸਿੰਘ ਓਬਰਾਏ ਤੇ ਅਮਨਜੋਤ ਕੌਰ ਰਾਮੂਵਾਲੀਆ ਨਾਲ ਵੀ ਰਾਬਤਾ ਕਾਇਮ ਕੀਤਾ, ਪਰ ਹਰਜੀਤ ਦੀ ਰਿਹਾਈ ਨਾ ਹੋ ਸਕੀ। ਉਨ੍ਹਾਂ ਦੱਸਿਆ ਕਿ ਲੰਘੀ 24 ਫਰਵਰੀ ਨੂੰ ਉਨ੍ਹਾਂ ਦੀ ਹਰਜੀਤ ਨਾਲ ਰਿਆਧ ਜੇਲ੍ਹ ਤੋਂ ਫੋਨ ’ਤੇ ਗੱਲ ਹੋਈ ਸੀ ਤੇ ਉਦੋਂ ਤੱਕ ਉਸ ਦੇ ਭਰਾ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਨੂੰ 28 ਫਰਵਰੀ ਨੂੰ ਕਤਲ ਕੇਸ ਵਿਚ ਫਾਂਸੀ ਦਿੱਤੀ ਜਾਵੇਗੀ।
ਗੁਰਦੇਵ ਸਿੰਘ ਨੇ ਦੱਸਿਆ ਕਿ ਹਰਜੀਤ ਦੀ ਮ੍ਰਿਤਕ ਦੇਹ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਅਜੇ ਤੱਕ ਦੂਤਾਵਾਸ ਤੋਂ ਫਾਂਸੀ ਬਾਰੇ ਕੋਈ ਫੋਨ ਜਾਂ ਚਿੱਠੀ ਪ੍ਰਾਪਤ ਨਹੀਂ ਹੋਈ। ਪਰਿਵਾਰ ਇਸ ਗੱਲ ਤੋਂ ਹੈਰਾਨ ਹੈ ਕਿ ਉਨ੍ਹਾਂ ਨੂੰ ਤੇ ਭਾਰਤੀ ਦੂਤਾਵਾਸ ਨੂੰ ਬਿਨਾਂ ਦੱਸਿਆ ਹਰਜੀਤ ਨੂੰ ਫਾਂਸੀ ਦੇ ਦਿੱਤੀ ਗਈ।
ਰਿਆਧ ਜੇਲ੍ਹ ’ਚ ਬੰਦ ਫਾਂਸੀ ਦੀ ਸਜ਼ਾ ਪ੍ਰਾਪਤ ਹਰਜੀਤ ਸਿੰਘ ਤੇ ਸਤਵਿੰਦਰ ਦੇ ਨਾਵਾਂ ਦੀ ਪੁਸ਼ਟੀ ਉਦੋਂ ਹੋਈ ਜਦੋਂ ਹੁਸ਼ਿਆਰਪੁਰ ਵਾਸੀ ਸਤਵਿੰਦਰ ਦੀ ਪਤਨੀ ਸੀਮਾ ਰਾਣੀ ਨੇ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਇਸ ’ਤੇ ਸੁਣਵਾਈ ਦੌਰਾਨ 10 ਅਪਰੈਲ ਨੂੰ ਸਪਸ਼ਟ ਹੋਇਆ ਕਿ ਇਨ੍ਹਾਂ ਦੋਵਾਂ ਜਣਿਆਂ ਨੂੰ ਫਾਂਸੀ ਦੀ ਸਜ਼ਾ 28 ਫਰਵਰੀ ਨੂੰ ਦਿੱਤੀ ਜਾ ਚੁੱਕੀ ਹੈ।
ਸਾਊਦੀ ਅਰਬ ਕਾਨੂੰਨ ਅਨੁਸਾਰ ਫਾਂਸੀ ਵਾਲੇ ਵਿਅਕਤੀ ਦੀ ਦੇਹ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ। ਹਰਜੀਤ ਤੇ ਸਤਵਿੰਦਰ ਦੀ ਫਾਂਸੀ ਦੀ ਸਜ਼ਾ ਬਾਰੇ ਸਾਊਦੀ ਅਰਬ ਦੇ ਦੂਤਾਘਰ ’ਚ ਤਾਇਨਾਤ ਭਾਰਤੀ ਡਾਇਰੈਕਟਰ (ਕੌਂਸਲਰ) ਪ੍ਰਕਾਸ਼ ਚੰਦ ਵੱਲੋਂ ਭਾਰਤੀ ਅੰਬੈਸੀ ਨੂੰ ਲਿਖੀ ਚਿੱਠੀ ਵਿੱਚ ਵੇਰਵਾ ਦਿੱਤਾ ਕਿ ਸਾਊਦੀ ਪ੍ਰਣਾਲੀ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਜਾਂ ਸਬੰਧਤ ਦੂਤਾਵਾਸ ਹਵਾਲੇ ਨਹੀਂ ਕੀਤੀ ਜਾਂਦੀ। ਇਸ ਸਬੰਧੀ ਮੌਤ ਦਾ ਸਰਟੀਫਿਕੇਟ ਜ਼ਰੂਰ ਜਾਰੀ ਕੀਤਾ ਜਾਂਦਾ ਹੈ।
ਡੇਢ ਮਹੀਨੇ ਮਗਰੋਂ ਪਤਾ ਲੱਗੀ ਪੰਜਾਬੀਆਂ ਦੇ ਸਿਰ ਕਲਮ ਦੀ ਖ਼ਬਰ, ਹਾਈਕੋਰਟ ਰਾਹੀਂ ਹੋਇਆ ਖੁਲਾਸਾ
ਏਬੀਪੀ ਸਾਂਝਾ
Updated at:
18 Apr 2019 05:28 PM (IST)
ਸਾਊਦੀ ਅਰਬ ਵਿੱਚ ਦੋ ਪੰਜਾਬੀਆਂ ਨੂੰ ਕਤਲ ਦੇ ਇਲਜ਼ਾਮ ‘ਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਦੋਵਾਂ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਆਪਣੇ ਦੋਸਤ ਦਾ ਕਤਲ ਕੀਤਾ ਸੀ। ਇਨ੍ਹਾਂ ਵਿੱਚ ਇੱਕ ਹੁਸ਼ਿਆਰਪੁਰ ਦਾ ਰਹਿਣ ਵਾਲਾ ਸਤਵਿੰਦਰ ਤੇ ਦੂਜਾ ਲੁਧਿਆਣਾ ਦਾ ਹਰਜੀਤ ਸਿੰਘ ਸ਼ਾਮਲ ਸੀ।
- - - - - - - - - Advertisement - - - - - - - - -