ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾ-ਕਾਮਯਾਬ, ਤਰਨਤਾਰਨ ਤੋਂ ਪੁਲਿਸ ਨੇ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ
ਗੁਆਂਢੀ ਮੁਲਕ ਪਾਕਿਸਤਾਨ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਹੈ। ਇਸ ਦੇ ਲਈ ਡਰੋਨ ਰਾਹੀਂ ਆਈ.ਈ.ਡੀ., ਪਿਸਤੌਲ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਪੰਜਾਬ ਭੇਜੀ ਗਈ ਹੈ
Punjab News: ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰ ਰਹੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਤਰਨਤਾਰਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦਰਅਸਲ ਗੁਆਂਢੀ ਮੁਲਕ ਪਾਕਿਸਤਾਨ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਹੈ। ਇਸ ਦੇ ਲਈ ਡਰੋਨ ਰਾਹੀਂ ਆਈ.ਈ.ਡੀ., ਪਿਸਤੌਲ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਪੰਜਾਬ ਭੇਜੀ ਗਈ ਹੈ। ਇਸ ਦੇ ਨਾਲ ਹੀ ਕਈ ਅੱਤਵਾਦੀ ਧਮਾਕੇ ਕਰਨ ਦੀ ਤਿਆਰੀ ਕਰ ਚੁੱਕੇ ਹਨ।
ਸ਼ੱਕੀ ਦਸਤਾਵੇਜ਼ ਬਰਾਮਦ
ਸ਼ੁੱਕਰਵਾਰ ਨੂੰ ਸੀਆਈਏ ਸਟਾਫ ਤਰਨਤਾਰਨ ਦੀ ਟੀਮ ਨੇ ਆਈਐੱਸਆਈ ਨਾਲ ਜੁੜੇ ਪੰਜ ਅੱਤਵਾਦੀਆਂ ਨੂੰ ਆਈ20 ਕਾਰ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਅੱਤਵਾਦੀਆਂ ਵਿੱਚ ਦਮਨਜੀਤ ਸਿੰਘ ਕਾਹਲੋਂ ਵਾਸੀ ਤਲਵੰਡੀ ਖੁੰਮਣ (ਜਾਂਤੀਪੁਰ) ਬਟਾਲਾ, ਪਰਮਿੰਦਰ ਸਿੰਘ ਪਿੰਕੀ ਵਾਸੀ ਪਿੰਡ ਹਰਸ਼ੀਆ (ਬਟਾਲਾ) ਗੁਰਦਾਸਪੁਰ ਅਤੇ ਮੁਕੇਸ਼ ਕੁਮਾਰ ਮੇਸ਼ੀ ਵਾਸੀ ਪਿੰਡ ਜੰਬਾ ਖੇੜੀ (ਸਟੇਸ਼ਨ ਨੀਲਖੇੜੀ) ਜ਼ਿਲ੍ਹਾ ਕਰਨਾਲ ਹਰਿਆਣਾ ਸ਼ਾਮਲ ਹਨ।
ਸੂਤਰਾਂ ਦੀ ਮੰਨੀਏ ਤਾਂ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਇਨ੍ਹਾਂ ਦਹਿਸ਼ਤਗਰਦਾਂ ਨੂੰ ਕਾਬੂ ਕਰਕੇ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ, ਹਥਿਆਰ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, AK-56 ਤੇ 90 ਕਾਰਤੂਸਾਂ ਸਮੇਤ 2 ਗ੍ਰਿਫ਼ਾਤਰ, ਵਿਦੇਸ਼ ਬੈਠੇ ਅੱਤਵਾਦੀਆਂ ਨਾਲ ਸਬੰਧ
ਨੌਜਵਾਨਾਂ ਨੂੰ ਖ਼ਾਲਿਸਤਾਨੀ ਵਿਚਾਰਾਂ ਨਾਲ ਜੋੜਨ ਦੀ ਕੋਸ਼ਿਸ਼
ਇਸ ਦੇ ਨਾਲ ਹੀ ਇਨ੍ਹਾਂ ਖ਼ਿਲਾਫ਼ ਥਾਣਾ ਸਦਰ ਤਰਨਤਾਰਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਸੰਪਰਕ 'ਚ ਸਨ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਇਨ੍ਹਾਂ ਨੂੰ ਬਲਾਸਟ ਕਰਨ ਲਈ ਵਿਦੇਸ਼ਾਂ ਤੋਂ ਫੰਡਿੰਗ ਵੀ ਕੀਤੀ ਗਈ। ਮੁਲਜ਼ਮ ਖ਼ਾਲਿਸਤਾਨੀ ਵਿਚਾਰਾਂ ਵਾਲੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਕੁਝ ਦਿਨਾਂ ਤੋਂ ਸਰਗਰਮ ਸਨ। ਐੱਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।