ਪੰਜਾਬ ਸਰਕਾਰ ਵੱਲੋਂ ਵੇਚੀਆਂ 42,000 ’ਚੋਂ 30,000 ਵੈਕਸੀਨਾਂ ਇੱਕੋ ਪ੍ਰਾਈਵੇਟ ਹਸਪਤਾਲ ਨੇ ਖਰੀਦੀਆਂ
ਵੈਕਸੀਨਾਂ ਦੀ ਵਿਕਰੀ ਨਾਲ ਸਬੰਧਤ ਫ਼ਾਈਲ ਉੱਤੇ ਉੱਪਰਲੇ ਪੱਧਰ ’ਤੇ ਹੀ ਹਸਤਾਖਰ ਹੋਏ ਸਨ ਤੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਗਈ ਸੀ ਕਿ ਉਹ ਵੈਕਸੀਨਾਂ ਖ਼ਰੀਦਣ ਵਾਲੇ ਸਾਰੇ ਨਿਜੀ ਹਸਪਤਾਲਾਂ ਦੇ ਸੰਪਰਕ ਵਿੱਚ ਰਹਿਣ ਤੇ ਜੇ ਉਨ੍ਹਾਂ ਨੂੰ ਹੋਰ ਵੈਕਸੀਨਾਂ ਚਾਹੀਦੀਆਂ ਹਨ, ਤਾਂ ਉਨ੍ਹਾਂ ਤੋਂ ਅਗਲੇਰੇ ਆਰਡਰ ਵੀ ਲੈਣ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੋਰੋਨਾ–ਵਾਇਰਸ ਮਹਾਮਾਰੀ ਦਾ ਟਾਕਰਾ ਕਰਨ ਵਾਲੀ ‘ਕੋਵੈਕਸੀਨ’ ਦੀਆਂ ਜਿਹੜੀਆਂ 42,000 ਹਜ਼ਾਰ ਡੋਜ਼ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀਆਂ ਗਈਆਂ ਸਨ; ਉਨ੍ਹਾਂ ਵਿੱਚੋਂ 30,000 ਵੈਕਸੀਨਾਂ ਮੋਹਾਲੀ ਦੇ ‘ਮੈਕਸ ਸੁਪਰ ਸਪੈਸ਼ਿਐਲਿਟੀ ਹਸਪਤਾਲ’ ਨੇ ਖ਼ਰੀਦੀਆਂ ਸਨ। ਬਾਕੀ ਦੇ 39 ਪ੍ਰਾਈਵੇਟ ਹਸਪਤਾਲਾਂ ਨੇ ਸਿਰਫ਼ 100 ਤੋਂ 1,000 ਵੈਕਸੀਨਾਂ ਖ਼ਰੀਦੀਆਂ ਹਨ। ਸੂਤਰਾਂ ਅਨੁਸਾਰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਨੇ ਸਿਰਫ਼ 1,000 ਵੈਕਸੀਨਾਂ ਖ਼ਰੀਦੀਆਂ ਹਨ।
ਮੈਕਸ ਹੈਲਥਕੇਅਰ ਤੇ ਫ਼ੌਰਟਿਸ ਉਨ੍ਹਾਂ ਚੋਟੀ ਦੇ ਨੌਂ ਕਾਰਪੋਰੇਟ ਹਸਪਤਾਲ ਸਮੂਹਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਵੈਕਸੀਨ ਕੋਟੇ ਦਾ 50 ਫ਼ੀਸਦੀ ਖ਼ਰੀਦਿਆ ਹੈ। ਇਸ ਸੂਚੀ ਵਿੱਚ ਮੈਕਸ ਹਸਪਤਾਲ ਦਾ ਨਾਂ ਦੂਜੇ ਨੰਬਰ ਉੱਤੇ ਹੈ, ਜਿਸ ਨੇ ਛੇ ਸ਼ਹਿਰਾਂ ਵਿੱਚ ਸਥਿਤ ਆਪਣੇ ਵੱਖੋ-ਵੱਖਰੇ ਹਸਪਤਾਲਾਂ ਲਈ 12 ਲੰਖ 97 ਹਜ਼ਾਰ ਡੋਜ਼ ਖ਼ਰੀਦੀਆਂ ਹਨ।
ਪੰਜਾਬ ਸਰਕਾਰ ਦੀ COVA ਐਪ ਉੱਤੇ ਸ਼ੁੱਕਰਵਾਰ ਤੱਕ ਤਾਂ ਕੋਰੋਨਾ ਵੈਕਸੀਨ ਖ਼ਰੀਦਣ ਵਾਲੇ ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਮੌਜੂਦ ਸੀ ਪਰ ਬਾਅਦ ’ਚ ਉਹ ਸੂਚੀ ਹਟਾ ਦਿੱਤੀ ਗਈ। ਦਰਅਸਲ, ਕੇਂਦਰ ਸਰਕਾਰ ਦੇ ਕੁਝ ਮੰਤਰੀਆਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਪੰਜਾਬ ਸਰਕਾਰ ਨੇ 400 ਰੁਪਏ ’ਚ ਵੈਕਸੀਨ ਲੈ ਕੇ 1,000 ਰੁਪਏ ਪ੍ਰਤੀ ਵੈਕਸੀਨ ਦੇ ਹਿਸਾਬ ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀ ਹੈ।
‘ਇੰਡੀਅਨ ਐਕਸਪ੍ਰੈੱਸ’ ਵੱਲੋਂ ਪ੍ਰਕਾਸ਼ਿਤ ਕੰਚਨ ਵਾਸਦੇਵ ਦੀ ਰਿਪੋਰਟ ਅਨੁਸਾਰ ਤਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤੁਰੰਤ ਸਰਗਰਮੀ ਵਿਖਾਉਂਦਿਆਂ ਐਲਾਨ ਕੀਤਾ ਸੀ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀਆਂ ਸਾਰੀਆਂ ਵੈਕਸੀਨਾਂ ਵਾਪਸ ਲੈ ਲਈਆਂ ਜਾਣਗੀਆਂ। ਮੈਕਸ ਹਸਪਤਾਲ ਦੇ ਬੁਲਾਰੇ ਮੁਨੀਸ਼ ਓਝਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਾਰੀਆਂ ਵੈਕਸੀਨਾਂ ਵਾਪਸ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਚ ਹੋਰ ਕੁਝ ਨਹੀਂ ਆਖ ਸਕਦੇ।
ਇਹ ਵੀ ਪਤਾ ਲੱਗਾ ਹੈ ਕਿ ਵੈਕਸੀਨਾਂ ਦੀ ਵਿਕਰੀ ਨਾਲ ਸਬੰਧਤ ਫ਼ਾਈਲ ਉੱਤੇ ਉੱਪਰਲੇ ਪੱਧਰ ’ਤੇ ਹੀ ਹਸਤਾਖਰ ਹੋਏ ਸਨ ਤੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਗਈ ਸੀ ਕਿ ਉਹ ਵੈਕਸੀਨਾਂ ਖ਼ਰੀਦਣ ਵਾਲੇ ਸਾਰੇ ਨਿਜੀ ਹਸਪਤਾਲਾਂ ਦੇ ਸੰਪਰਕ ਵਿੱਚ ਰਹਿਣ ਤੇ ਜੇ ਉਨ੍ਹਾਂ ਨੂੰ ਹੋਰ ਵੈਕਸੀਨਾਂ ਚਾਹੀਦੀਆਂ ਹਨ, ਤਾਂ ਉਨ੍ਹਾਂ ਤੋਂ ਅਗਲੇਰੇ ਆਰਡਰ ਵੀ ਲੈਣ।
ਪੰਜਾਬ ਦੇ ਵੈਕਸੀਨਾਂ ਲਈ ਨੋਡਲ ਅਫ਼ਸਰ ਵਿਕਾਸ ਗਰਗ ਨੇ ਦੱਸਿਆ ਕਿ ਹਸਪਤਾਲਾਂ ਨੂੰ ਸਰਕਾਰ ਤੋਂ ਵੈਕਸੀਨਾਂ ਲੈਣ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ – ‘ਅਸੀਂ ਉਨ੍ਹਾਂ ਦੀ ਮੰਗ ਮੁਤਾਬਕ ਵੈਕਸੀਨਾਂ ਸਪਲਾਈ ਕੀਤੀਆਂ ਸਨ। ਕੁਝ ਹਸਪਤਾਲਾਂ ਨੂੰ ਵੱਧ ਵੈਕਸੀਨਾਂ ਚਾਹੀਦੀਆਂ ਸਨ ਤੇ ਕੁਝ ਨੂੰ ਘੱਟ।’
ਇੱਕ ਹਫ਼ਤੇ ’ਚ ਇਨ੍ਹਾਂ 40 ਪ੍ਰਾਈਵੇਟ ਹਸਪਤਾਲਾਂ ਨੇ ਸਿਰਫ਼ 600 ਵਿਅਕਤੀਆਂ ਨੂੰ ਵੈਕਸੀਨਾਂ ਦੀ ਇੱਕ-ਇੱਕ ਡੋਜ਼ ਦਿੱਤੀ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਬਹੁਤੇ ਲੋਕ ‘ਕੋਵੈਕਸੀਨ’ ਨਹੀਂ, ਸਗੋਂ ‘ਕੋਵੀਸ਼ੀਲਡ’ ਨਾਂਅ ਦੀ ਵੈਕਸੀਨ ਲਗਵਾਉਣ ਨੂੰ ਪਹਿਲ ਦੇ ਰਹੇ ਹਨ। ਇਸ ਦਾ ਵੱਡਾ ਕਾਰਣ ਇਹ ਹੈ ਕਿ ਬਹੁਤੇ ਦੇਸ਼ਾਂ ਵਿੱਚ ਹਾਲੇ ‘ਕੋਵੈਕਸੀਨ’ ਨੂੰ ਮਾਨਤਾ ਹਾਸਲ ਨਹੀਂ ਹੈ ਕਿਉਂਕਿ ਹਾਲੇ ‘ਵਿਸ਼ਵ ਸਿਹਤ ਸੰਗਠਨ’ (WHO) ਨੇ ਇਸ ਵੈਕਸੀਨ ਨੂੰ ਆਪਣੀ ਪ੍ਰਵਾਨਗੀ ਦੇਣੀ ਹੈ। ‘ਕੋਵੀਸ਼ੀਲਡ’ ਨੂੰ ਪਹਿਲਾਂ ਹੀ WHO ਤੋਂ ਪ੍ਰਵਾਨਗੀ ਹਾਸਲ ਹੈ।
ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਹੁਣ ਜਦੋਂ ਪ੍ਰਾਈਵੇਟ ਹਸਪਤਾਲਾਂ ਤੋਂ ਸਾਰੀਆਂ ਵੈਕਸੀਨਾਂ ਵਾਪਸ ਮੰਗਵਾ ਲਈਆਂ ਗਈਆਂ ਹਨ; ਇਸ ਲਈ ਹੁਣ ਇਹ ਮੁੱਦਾ ਖ਼ਤਮ ਹੋ ਜਾਣਾ ਚਾਹੀਦਾ ਹੈ।