ਚੰਡੀਗੜ੍ਹ :ਪੰਜਾਬ ਵਿੱਚ ਸਿੱਖਿਆ ਵਿਭਾਗ ਨੇ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰੇਗਾ। ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ) ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜ ਕੇ 20 ਤੋਂ ਘੱਟ ਵਿਦਿਆਰਥੀਆਂ ਵਾਲੇ 800 ਸਕੂਲਾਂ ਨੂੰ ਨੇੜਲੇ ਸਕੂਲਾਂ ਵਿੱਚ ਮਿਲਾਉਣ ਦੇ ਹੁਕਮ ਦਿੱਤੇ ਹਨ। ਅਧਿਕਾਰੀ ਨੇ ਇਹ ਸਾਰੀ ਕਾਰਵਾਈ 25 ਅਕਤੂਬਰ ਤੱਕ ਮੁਕੰਮਲ ਕਰ ਕੇ ਰਿਪੋਰਟ ਭੇਜਣ ਲਈ ਆਖਿਆ ਹੈ।ਸਬੰਧਤ ਸਕੂਲਾਂ ਦੇ ਅਧਿਆਪਕਾਂ ਦਾ ਜ਼ਿਲ੍ਹਾ ਪੱਧਰੀ ਪੂਲ ਬਣਾ ਕੇ ਉਨ੍ਹਾਂ ਨੂੰ ਲੋੜਵੰਦ ਸਕੂਲਾਂ ਵਿੱਚ ਤਾਇਨਾਤ ਕਰਦੇ ਸਮੇਂ ਸੀਨੀਆਰਤਾ ਅਨੁਸਾਰ ਸਟੇਸ਼ਨ ਦੀ ਚੋਣ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਹਨ।


ਜਾਣਕਾਰੀ ਮੁਤਾਬਕ ਘੱਟ ਬੱਚਿਆਂ ਵਾਲੇ ਸਕੂਲ ਨੇੜਲੇ ਸਕੂਲਾਂ ਵਿੱਚ ਮਰਜ਼ ਹੋਣ ਤੋਂ ਬਾਅਦ ਕਰੀਬ 1600 ਅਧਿਆਪਕਾਂ ਦੀਆਂ ਅਸਾਮੀਆਂ ਖ਼ਤਮ ਹੋ ਜਾਣਗੀਆਂ। ਇਸ ਤਰ੍ਹਾਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ 30 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਹੋਣਗੇ। ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੀ 30 ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਹਲਕੇ ਸਮੇਤ ਸਮੁੱਚੇ ਜ਼ਿਲ੍ਹਾ ਗੁਰਦਾਸਪੁਰ ਵਿੱਚ 133, ਰੂਪਨਗਰ ਵਿੱਚ 71 ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 140 ਸਕੂਲ ਬੰਦ ਹੋਣਗੇ। ਜ਼ਿਲ੍ਹਾ ਪਠਾਨਕੋਟ ਵਿੱਚ 52, ਪਟਿਆਲਾ ਵਿੱਚ 50, ਜਲੰਧਰ ਵਿੱਚ 54, ਫਤਹਿਗੜ੍ਹ ਸਾਹਿਬ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ 41-41, ਲੁਧਿਆਣਾ ਵਿੱਚ 39, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿੱਚ 34, ਸੰਗਰੂਰ ਵਿੱਚ 23, ਫਿਰੋਜ਼ਪੁਰ ਵਿੱਚ 22, ਤਰਨ ਤਾਰਨ ਵਿੱਚ 9, ਫਾਜ਼ਿਲਕਾ ਵਿੱਚ 8, ਮੋਗਾ ਵਿੱਚ 7, ਫਰੀਦਕੋਟ ਵਿੱਚ 5, ਮਾਨਸਾ ਵਿੱਚ 4, ਬਠਿੰਡਾ ਤੇ ਬਰਨਾਲਾ ਵਿੱਚ 3-3 ਅਤੇ ਜ਼ਿਲ੍ਹਾ ਮੁਕਤਸਰ ਵਿੱਚ ਇਕ ਸਕੂਲ ਨੂੰ ਮਰਜ਼ ਕੀਤਾ ਜਾਵੇਗਾ।