ਸਕੂਲ 'ਚ 32 ਵਿਦਿਆਰਥੀ ਕੋਰੋਨਾ ਪੌਜ਼ੇਟਿਵ, ਸਕੂਲ ਬੰਦ ਰੱਖਣ ਦੇ ਆਦੇਸ਼
ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ਅਧੀਨ ਆਉਂਦੇ ਪਿੰਡ ਪਲਹਾੜ ਵਿੱਚ ਕੋਰੋਨਾ ਦੇ 32 ਮਾਮਲੇ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਨੇ ਪਿੰਡ ਨੂੰ ਰੈੱਡ ਕਨਟੇਨਮੈਂਟ ਜ਼ੋਨ ਵਿੱਚ ਪਾ ਦਿੱਤਾ ਹੈ।
ਹੁਸ਼ਿਆਰਪੁਰ: ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ਅਧੀਨ ਆਉਂਦੇ ਪਿੰਡ ਪਲਹਾੜ ਵਿੱਚ ਕੋਰੋਨਾ ਦੇ 32 ਮਾਮਲੇ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਨੇ ਪਿੰਡ ਨੂੰ ਰੈੱਡ ਕਨਟੇਨਮੈਂਟ ਜ਼ੋਨ ਵਿੱਚ ਪਾ ਦਿੱਤਾ ਹੈ। 32 ਕੋਰੋਨਾ ਪੌਜ਼ੇਟਿਵ ਮਰੀਜ਼ ਸਰਕਾਰੀ ਸਕੂਲ ਦੇ ਵਿਦਿਆਰਥੀ ਹਨ ਜਿਸ ਮਗਰੋਂ ਇਲਾਕੇ 'ਚ ਹਲਚਲ ਮੱਚ ਗਈ ਹੈ। ਇਸ ਘਟਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਚਿੰਤਾ ਵਧਾ ਦਿੱਤੀ ਹੈ।
ਇਸ ਦੌਰਾਨ ਮੁਕੇਰੀਆਂ ਦੇ ਐਸਡੀਐਮ ਨਵਨੀਤ ਬਲ ਨੇ ਆਦੇਸ਼ ਜਾਰੀ ਕੀਤੇ ਹਨ ਕਿ ਜਦੋਂ ਤੱਕ ਸਕੂਲ ਦੇ 531 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਸਕੂਲ ਨੂੰ ਬੰਦ ਰੱਖਿਆ ਜਾਏਗਾ।
ਬਲਾਕ ਨੋਡਲ ਅਧਿਕਾਰੀ ਡਾਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਰਿਪੋਰਟ ਵਿੱਚ 32 ਸਟੂਡੈਂਟ ਪੌਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਇੱਕ ਅਧਿਆਪਕ ਕੋਰੋਨਾ ਪੌਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਬੱਚਿਆਂ ਦੇ ਸੈਂਪਲ ਲਏ ਗਏ ਸੀ। ਪਹਿਲੇ ਦਿਨ 12 ਤੇ ਦੂਜੇ ਦਿਨ 10 ਸਟੂਡੈਂਟ ਕੋਰੋਨਾ ਪੌਜ਼ੇਟਿਵ ਪਾਏ ਗਏ। ਅੱਜ ਫੇਰ ਤੀਜੇ ਦਿਨ 10 ਵਿਦਿਆਰਥੀ ਕੋਰੋਨਾ ਨਾਲ ਸੰਕਰਮਿਤ ਮਿਲੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :