Alcohol poisoning : ਭਾਰਤ ਵਿੱਚ ਪਿਛਲੇ 6 ਸਾਲਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਤਕਰੀਬਨ 7,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸਭ ਤੋਂ ਵੱਧ ਮੌਤਾਂ ਮੱਧ ਪ੍ਰਦੇਸ਼, ਕਰਨਾਟਕ ਤੇ ਪੰਜਾਬ ਵਿੱਚ ਦਰਜ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਤੋਂ ਮਿਲੀ ਹੈ।

ਸਾਲ 2021 ਵਿੱਚ ਦੇਸ਼ ਭਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਸਬੰਧਤ 708 ਘਟਨਾਵਾਂ ਵਿੱਚ 782 ਵਿਅਕਤੀਆਂ ਦੀ ਮੌਤ ਹੋਈ। ਇਸ ਸਮੇਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 137, ਪੰਜਾਬ ਵਿੱਚ 127 ਤੇ ਮੱਧ ਪ੍ਰਦੇਸ਼ ਵਿੱਚ 108 ਮੌਤਾਂ ਹੋਈਆਂ। ਹਾਸਲ ਅੰਕੜਿਆਂ ਅਨੁਸਾਰ 2016 ਤੋਂ 2021 ਦਰਮਿਆਨ ਸਭ ਤੋਂ ਵੱਧ 1,322 ਮੌਤਾਂ ਮੱਧ ਪ੍ਰਦੇਸ਼ ਵਿੱਚ ਹੋਈਆਂ, ਇਸ ਤੋਂ ਬਾਅਦ ਕਰਨਾਟਕ ਵਿੱਚ 1,013 ਤੇ ਪੰਜਾਬ ਵਿੱਚ 852 ਮੌਤਾਂ ਦੌਰਾਨ ਹੋਈਆਂ।


ਦੱਸ ਦੇਈਏ ਕਿ ਅਪ੍ਰੈਲ 2016 'ਚ ਬਿਹਾਰ 'ਚ ਸ਼ਰਾਬ 'ਤੇ ਮੁਕੰਮਲ ਪਾਬੰਦੀ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਸੂਬੇ 'ਚ ਨਕਲੀ ਸ਼ਰਾਬ ਕਾਰਨ ਮੌਤਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਬਿਹਾਰ ਵਿੱਚ ਪਾਬੰਦੀ ਤੋਂ ਬਾਅਦ ਪੰਜ ਸਾਲਾਂ ਵਿੱਚ ਨਕਲੀ ਸ਼ਰਾਬ ਕਾਰਨ 200 ਤੋਂ ਵੱਧ ਮੌਤਾਂ ਹੋਈਆਂ ਹਨ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਅੰਕੜੇ ਸਿਰਫ 23 ਮੌਤਾਂ ਨੂੰ ਦਰਸਾਉਂਦੇ ਹਨ।

 

ਬਿਹਾਰ ਦੇ ਛਪਰਾ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈ ਮੌਤ ਦੇ ਮਾਮਲੇ 'ਚ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਨੇਤਾ ਚਿਰਾਗ ਪਾਸਵਾਨ ਨੇ ਸ਼ਨੀਵਾਰ ਨੂੰ ਵੱਡਾ ਬਿਆਨ ਦਿੱਤਾ ਸੀ। ਚਿਰਾਗ ਪਾਸਵਾਨ ਨੇ CM ਨਿਤੀਸ਼ 'ਤੇ ਹਮਲਾ ਕਰਨ ਲਈ ਨਵਾਂ ਡਾਟਾ ਲਿਆਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਬ ਘੁਟਾਲੇ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਸੱਚਾਈ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਮੌਤ ਸ਼ਰਾਬ ਪੀਣ ਕਾਰਨ ਹੋਈ, ਉਨ੍ਹਾਂ ਦਾ ਅੰਤਿਮ ਸਸਕਾਰ ਬਿਨਾਂ ਪੋਸਟਮਾਰਟਮ ਕਰ ਦਿੱਤਾ ਗਿਆ। ਮ੍ਰਿਤਕਾਂ ਦੇ ਪਰਿਵਾਰਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ।


ਓਧਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਕਿਹਾ ਸੀ ਕਿ ਉਹ ਲੋਕਾਂ ਨੂੰ ਸ਼ਰਾਬ ਪੀਣ ਦੇ ਨੁਕਸਾਨ ਬਾਰੇ ਦੱਸਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਸੂਬੇ ਭਰ ਦਾ ਦੌਰਾ ਕਰਨਗੇ। ਇਸ ਦੌਰਾਨ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਿਹਾਰ ਵਿੱਚ ਨਕਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਜਾਂਚ ਲਈ ਇੱਕ ਜਾਂਚ ਟੀਮ ਭੇਜਣ ਦਾ ਫੈਸਲਾ ਕੀਤਾ ਹੈ।